ਬਰਨਾਲਾ, 24 ਜੁਲਾਈ, ( ਨਿਰਮਲ ਸਿੰਘ ਪੰਡੋਰੀ )-
ਬਰਨਾਲਾ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜਾ ਚੁੱਕੇ ਜਾਣ ਦੌਰਾਨ ਸਫਾਈ ਸੇਵਕਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦਾ ਮੁੱਦਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਸਫਾਈ ਕਰਮਚਾਰੀਆਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ 25 ਜੁਲਾਈ ਨੂੰ ਬਰਨਾਲਾ ਵਿਖੇ ਪੁੱਜਣ ਦਾ ਐਲਾਨ ਕਰ ਦਿੱਤਾ ਹੈ। ਸਫਾਈ ਕਰਮਚਾਰੀਆਂ ‘ਤੇ ਹੋਏ ਇਸ ਲਾਠੀਚਾਰਜ ਦਾ ਸੇਕ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਹਰਿਆਣਾ ਵਿੱਚ ਵੀ ਪੁੱਜਿਆ ਜਿੱਥੋਂ ਦੀਆਂ ਸਫਾਈ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਸੋਸ਼ਲ ਮੀਡੀਆ ‘ਤੇ ਜਿੱਥੇ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਉੱਥੇ ਬਰਨਾਲਾ ਪੁੱਜਣ ਦਾ ਐਲਾਨ ਵੀ ਕੀਤਾ। ਸਥਾਨਕ ਪੱਧਰ ‘ਤੇ ਵੀ ਲੱਗਭੱਗ ਸਾਰੀਆਂ ਜਨਤਕ ਜਥੇਬੰਦੀਆਂ ਨੇ ਬੀਤੇ ਕੱਲ੍ਹ ਇੱਕ ਵੱਡਾ ਰੋਸ ਮਾਰਚ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨ ਖੜੇ ਕੀਤੇ ਹਨ। ਦੂਜੇ ਪਾਸੇ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਆਪਣੀ ਹੀ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ 26 ਜੁਲਾਈ ਐਤਵਾਰ ਤੱਕ ਇਸ ਲਾਠੀਚਾਰਜ ਲਈ ਦੋਸ਼ੀ ਮੰਨੇ ਜਾ ਰਹੇ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ 27 ਜੁਲਾਈ ਸੋਮਵਾਰ ਤੋਂ ਸਮੁੱਚੇ ਪੰਜਾਬ ‘ਚ ਸਫ਼ਾਈ ਵਿਵਸਥਾ ਵਿਗੜ ਜਾਵੇਗੀ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ SC ਕਮਿਸ਼ਨ ਪੰਜਾਬ ਨੇ ਵੀ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਨਿੱਜੀ ਤੌਰ ‘ਤੇ ਤਲਬ ਕੀਤਾ ਹੈ। ਇਸ ਮਾਮਲੇ ‘ਚ ਹੁਣ ਸਭ ਦੀਆਂ ਨਜ਼ਰਾਂ ਸਰਕਾਰ ‘ਤੇ ਟਿਕੀਆਂ ਹੋਈਆਂ ਹਨ ਕਿ ਜਨਤਕ ਜਥੇਬੰਦੀਆਂ ਤੋਂ ਇਲਾਵਾ ਵਾਲਮੀਕੀ ਸਮਾਜ ਅਤੇ ਸਫਾਈ ਕਰਮਚਾਰੀਆਂ ਦੀਆਂ ਜਥੇਬੰਦੀਆਂ ਦੀ ਮੰਗ ‘ਤੇ ਸਰਕਾਰ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ ?