ਨਵੇਂ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਨਵਾਂ ਜ਼ਿਲ੍ਹਾ ਪ੍ਰਧਾਨ ਵੀ ਬੈਠੇਗਾ ਕੁਰਸੀ ‘ਤੇ
ਬਰਨਾਲਾ,24 ਜੁਲਾਈ ( ਨਿਰਮਲ ਸਿੰਘ ਪੰਡੋਰੀ )-
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਬਰਨਾਲਾ ਵਿਖੇ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਲਈ ਜ਼ਿਲ੍ਹਾ ਇਕਾਈ ਵੱਲੋਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਜੁਲਾਈ ਸੋਮਵਾਰ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਅਤੇ ਸ਼ਾਨਦਾਰ ਸਵਾਗਤ ਲਈ ਭਾਜਪਾ ਵੱਲੋਂ ਇੱਕ ਮਹਾਂਰੈਲੀ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਇਸੇ ਦਿਨ ਹੀ ਕੇਵਲ ਸਿੰਘ ਢਿੱਲੋਂ ਵੱਲੋਂ ਸਥਾਨਕ ਹੰਡਿਆਇਆ ਰੋਡ ‘ਤੇ ਭਾਜਪਾ ਦੇ ਨਵੇਂ ਬਣੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਦੇ ਨਵੇਂ ਦਫ਼ਤਰ ਦੇ ਉਦਘਾਟਨੀ ਸਮਾਗਮ ਅਤੇ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਸਮਾਗਮ ਪ੍ਰਤੀ ਭਾਜਪਾ ਵਰਕਰਾਂ ‘ਚ ਪੂਰਾ ਉਤਸ਼ਾਹ ਹੈ ਤੇ ਇਸ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਜਪਾ ਦੇ ਨਵੇਂ ਜ਼ਿਲ੍ਹਾ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਜ਼ਿਲ੍ਹੇ ਦੇ ਨਵੇਂ ਬਣੇ ਪ੍ਰਧਾਨ ਨਰਿੰਦਰ ਗਰਗ ਨੀਟਾ ਨੂੰ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਜ਼ਿਲਾ ਪ੍ਰਧਾਨ ਦੀ ਕੁਰਸੀ ‘ਤੇ ਬਿਠਾਇਆ ਜਾਵੇਗਾ।
