-aap MLA ਦੇ ਪੁੱਤਰ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਚੰਡੀਗੜ੍ਹ,2 ਅਗਸਤ, Gee98 News service-
-ਪੰਜਾਬ ‘ਚ ਆਪ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸੱਤਾ ਦੇ ਨਸ਼ੇ ‘ਚ ਖ਼ਬਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਦਾ ਸ਼ਿੰਗਾਰ ਅਕਸਰ ਬਣਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੁੱਚੋ ਨਾਲ ਸੰਬੰਧਿਤ ਹੈ ਜਿੱਥੋਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਧਾਇਕ ਦਾ ਬੇਟਾ ਹਰਸਿਮਰਨ ਸਿੰਘ ਪਾਵਰਕਾਮ ਦੇ ਐਸਡੀਓ ਨੂੰ ਫੋਨ ਲਗਾ ਕੇ ਕਹਿੰਦਾ ਹੈ ਕਿ “ਮੈਂ ਪਿੰਡ ਹਰਰਾਏਪੁਰ ਵਿੱਚ ਬੈਠਾ ਹਾਂ, ਇੱਥੇ ਛੱਪੜ ਵਾਲੀ ਮੋਟਰ ਜਾਅਲੀ ਕੁਨੈਕਸ਼ਨ ‘ਤੇ ਚੱਲ ਰਹੀ ਹੈ ਇਸ ਨੂੰ ਕੱਟਣਾ ਨਹੀਂ ਅਤੇ ਨਾ ਹੀ ਕੁੰਡੀ ਫੜਨੀ ਹੈ”। ਵਿਧਾਇਕ ਦੇ ਪੁੱਤਰ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਵਾਲ ਉੱਠੇ ਹਨ ਕਿ ਬਿਨਾਂ ਕਿਸੇ ਸੰਵਿਧਾਨਿਕ ਜਾਂ ਸਰਕਾਰੀ ਅਹੁਦੇ ਤੋਂ ਇੱਕ ਵਿਧਾਇਕ ਦਾ ਬੇਟਾ ਪਾਵਰਕਾਮ ਦੇ ਐਸਡੀਓ ਨੂੰ ਕਿਵੇਂ ਹੁਕਮ ਦੇ ਰਿਹਾ ਹੈ। ਇਸ ਵੀਡੀਓ ਦੀ ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਿਧਾਇਕ ਦਾ ਬੇਟਾ ਗੋਨਿਆਣਾ ਮੰਡੀ ‘ਚ ਤਾਇਨਾਤ ਐਸਡੀਓ ਕੇਵਲ ਸੇਠੀ ਨਾਲ ਫੋਨ ‘ਤੇ ਗੱਲਬਾਤ ਕਰ ਰਿਹਾ ਹੈ। ਭਾਵੇਂ ਕਿ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਵਿਧਾਇਕ ਦਾ ਬੇਟਾ ਕਿਸ ਮੋਟਰ ਦੇ ਕੁਨੈਕਸ਼ਨ ਦੀ ਗੱਲ ਕਰ ਰਿਹਾ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਲਈ ਲਗਾਈਆਂ ਸਮਰਸੀਬਲ ਮੋਟਰਾਂ ਦੇ ਕੁਨੈਕਸ਼ਨ ਜ਼ਿਆਦਾਤਰ ਕੁੰਡੀਆਂ ‘ਤੇ ਹੀ ਚੱਲ ਰਹੇ ਹਨ। ਭੁੱਚੋ ਮੰਡੀ ਦੇ ਵਿਧਾਇਕ ਦੇ ਪੁੱਤਰ ਦੀ ਵਾਇਰਲ ਵੀਡੀਓ ਦਾ ਮਾਮਲਾ ਵੀ ਇਹੋ ਜਿਹਾ ਹੀ ਸਮਝਿਆ ਜਾ ਰਿਹਾ ਹੈ।