ਚੰਡੀਗੜ੍ਹ ,2 ਅਗਸਤ, Gee98 News service-
-ਪੁਲਿਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ‘ਚ ਬਰਖਾਸਤ ਤੇ ਚੱਲ ਰਹੇ ਪੰਜਾਬ ਪੁਲਿਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਗੁਰਸ਼ੇਰ ਸਿੰਘ ਸੰਧੂ ਦੀ ਸੇਵਾ ਬਰਖਾਸਤਗੀ ਨਾਲ ਸਬੰਧਿਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਸਾਰੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ 2 ਜਨਵਰੀ 2025 ਨੂੰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਸੀ। ਸਰਕਾਰ ਨੇ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਛਵੀ ਖਰਾਬ ਹੋਈ ਹੈ। ਸਰਕਾਰ ਨੇ ਇਸ ਮਾਮਲੇ ਨੂੰ ਡਿਊਟੀ ਪ੍ਰਤੀ ਗੰਭੀਰ ਲਾਪਰਵਾਹੀ ਅਤੇ ਘੋਰ ਅਨੁਸ਼ਾਸਨਹੀਨਤਾ ਮੰਨਿਆ ਸੀ ਅਤੇ ਇਸ ਲਈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਜ਼ਿੰਮੇਵਾਰ ਮੰਨਦੇ ਹੋਏ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਡੀਐਸਪੀ ‘ਤੇ ਸਰਕਾਰ ਨੇ ਦੋਸ਼ ਲਗਾਏ ਸਨ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਅਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨਾਲ ਜੁੜੇ ਮਾਮਲਿਆਂ ‘ਚ ਗੰਭੀਰ ਲਾਪਰਵਾਹੀ ਵਰਤੀ, ਇਸੇ ਆਧਾਰ ‘ਤੇ ਉਹਨਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਸੀ। ਸਰਕਾਰ ਨੇ ਇਹ ਵੀ ਕਿਹਾ ਸੀ ਕਿ ਗੁਰਸ਼ੇਰ ਸਿੰਘ ਸੰਧੂ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ ਸੀ। ਸਰਕਾਰ ਵੱਲੋਂ ਗੁਰਸ਼ੇਰ ਸਿੰਘ ਸੰਧੂ ਨੂੰ ਬਰਖ਼ਾਸਤ ਕਰਨ ਲਈ ਸੰਵਿਧਾਨ ਦੇ ਅਨੁਛੇਦ 311 ਦੇ ਤਹਿਤ ਵਿਸ਼ੇਸ਼ ਸ਼ਕਤੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਨਾਂ ਤਹਿਤ ਉਹਨਾਂ ਨੂੰ ਤਤਕਾਲ ਪ੍ਰਭਾਵ ਤੋਂ ਪੰਜਾਬ ਪੁਲਿਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
-ਲਾਰੈਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ SIT ਦੀ ਰਿਪੋਰਟ
ਪੁਲਿਸ ਹਿਰਾਸਤ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਇਹ ਇੰਟਰਵਿਊ 2-3 ਸਤੰਬਰ 2022 ਦੀ ਰਾਤ ਨੂੰ ਮੋਹਾਲੀ ਦੇ ਖਰੜ ਥਾਣੇ ‘ਚ ਬਣੇ CIA ਦੇ ਦਫ਼ਤਰ ਵਿੱਚ ਹੋਇਆ ਸੀ ਜਿਸ ਲਈ ਐਸਐਚਓ ਦੇ ਕਮਰੇ ਨੂੰ ਸਟੂਡੀਓ ‘ਚ ਬਦਲਿਆ ਗਿਆ ਸੀ। ਇਸ ਸੰਬੰਧੀ ਦਰਜ ਰਿਪੋਰਟ ਵਿੱਚ ਵਰਤੀ ਗਈ ਡਿਵਾਈਸ ਦਾ ਨਾਮ ਅਤੇ AMP ਨੰਬਰ ਵੀ ਦਰਜ ਕੀਤਾ ਗਿਆ ਹੈ ਇਸ ਰਿਪੋਰਟ ਵਿੱਚ ਉਹਨਾਂ ਲੋਕਾਂ ਦੇ ਨਾਮ ਵੀ ਦਰਜ ਹਨ ਜਿਹੜੇ ਇੰਟਰਵਿਊ ਦੇ ਵਕਤ ਮੌਜੂਦ ਸਨ ਇਹਨਾਂ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਟੀਮ ਦੇ 6 ਹੋਰ ਪੁਲਿਸ ਵਾਲੇ ਵੀ ਸ਼ਾਮਿਲ ਹਨ। ਇਹ ਲੋਕ ਇੰਟਰਵਿਊ ਦੇ ਵਕਤ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਵਿੱਚ ਤਾਇਨਾਤ ਸਨ। ਇਸ ਇੰਟਰਵਿਊ ਦੇ ਦੌਰਾਨ ਇੰਟਰਨੈੱਟ ਲਈ ਐਸਐਚਓ ਦੇ ਸਰਕਾਰੀ ਡੌਗਲ ਦਾ ਇਸਤੇਮਾਲ ਕੀਤਾ ਗਿਆ ਸੀ।