ਚੰਡੀਗੜ੍ਹ, 10 ਸਤੰਬਰ, Gee98 News service-
ਕਤਲ ਕੇਸ ਦੇ ਦੋਸ਼ੀ ਨੂੰ ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜ਼ਮਾਨਤ ‘ਤੇ ਚੱਲ ਰਿਹਾ ਦੋਸ਼ੀ ਜਦ ਹਾਈਕੋਰਟ ਸਜ਼ਾ ਰੱਦ ਕਰਵਾਉਣ ਸਬੰਧੀ ਪਟੀਸ਼ਨ ਲੈ ਕੇ ਪੁੱਜਿਆ ਤਾਂ ਹਾਈਕੋਰਟ ਨੇ ਉਸਦੀ ਜ਼ਮਾਨਤ ਰੱਦ ਕਰਕੇ ਜੇਲ੍ਹ ਭੇਜਣ ਦੇ ਹੁਕਮ ਸੁਣਾ ਦਿੱਤੇ। ਮਾਮਲਾ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੋਂ ਦੇ ਪਿੰਡ ਜੈਸਿੰਘਵਾਲਾ ਦੇ ਇੱਕ ਵਿਅਕਤੀ ਮੇਜਰ ਸਿੰਘ ਨੂੰ ਹੇਠਲੀ ਅਦਾਲਤ ਨੇ ਗੁਰਜੰਟ ਸਿੰਘ ਦੇ ਕਤਲ ਦਾ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਸੀ ਜਿਸ ਤੋਂ ਬਾਅਦ ਮੇਜਰ ਸਿੰਘ ਨੇ ਹਾਈਕੋਰਟ ਵਿੱਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ਅਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਹ ਘਟਨਾ ਸਾਲ 2003 ਨਾਲ ਸੰਬੰਧਿਤ ਹੈ ਅਤੇ 2005 ਹੇਠਲੀ ਅਦਾਲਤ ਨੇ ਮੇਜਰ ਸਿੰਘ ਨੂੰ ਸਜ਼ਾ ਸੁਣਾਈ। ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਮੇਜਰ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਪਰੰਤੂ ਉਸਨੇ ਨਾਲ ਹੀ ਸਜ਼ਾ ਰੱਦ ਕਰਨ ਸਬੰਧੀ ਵੀ ਅਪੀਲ ਕੀਤੀ ਜਿਸਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਮੇਜਰ ਸਿੰਘ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਅਤੇ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਹਾਈ ਕੋਰਟ ਨੇ ਮੇਜਰ ਸਿੰਘ ਦੇ ਵਕੀਲ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਸੁਣਵਾਈ ਦੌਰਾਨ ਹਾਈਕੋਰਟ ਨੇ ਦੇਖਿਆ ਕਿ ਮ੍ਰਿਤਕ ਦੀ ਮੈਡੀਕਲ ਰਿਪੋਰਟ, CT ਸਕੈਨ ‘ਚ ਸਿਰ ‘ਤੇ ਗੰਭੀਰ ਸੱਟ ਅਤੇ ਖੂਨ ਦਾ ਜੰਮਣਾ ਪਾਇਆ ਗਿਆ। ਹਾਈਕੋਰਟ ਨੇ ਮੰਨਿਆ ਕਿ ਦੋਸ਼ੀ ਨੇ ਮ੍ਰਿਤਕ ਗੁਰਜੰਟ ਸਿੰਘ ‘ਤੇ ਹਮਲਾ ਕਰਨ ਸਮੇਂ ਉਸਦੇ ਸਿਰ ਵਿੱਚ ਡਾਂਗ ਮਾਰੀ ਅਤੇ ਉਸਨੂੰ ਗੰਭੀਰ ਸੱਟ ਪਹੁੰਚਾਈ ਜਿਸ ਤੋਂ ਦੋਸ਼ੀ ਵੱਲੋਂ ਕੀਤੇ ਗਏ ਹਮਲੇ ਦੀ ਮਨਸ਼ਾ ਅਤੇ ਇਰਾਦੇ ਦਾ ਸਾਫ਼ ਪਤਾ ਲੱਗਦਾ ਹੈ।