ਪੜਤਾਲੀਆ ਰਿਪੋਰਟ ਡੀਸੀ ਦੇ ਟੇਬਲ ‘ਤੇ….ਵੱਡੇ ਅਧਿਕਾਰੀਆਂ ਦੇ ਲਪੇਟੇ ‘ਚ ਆਉਣ ਦੀ ਚਰਚਾ
ਬਰਨਾਲਾ ,11 ਸਤੰਬਰ, ( ਨਿਰਮਲ ਸਿੰਘ ਪੰਡੋਰੀ )-
-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੇ ਪਿੰਡ ਛੀਨੀਵਾਲ ਕਲਾਂ ਵਿਖੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਦੱਬੀ ਗਈ ਪਾਈਪ ਲਾਈਨ ਦੇ ਕੰਮ ‘ਚ ਵਿੱਤੀ ਗੜਬੜੀ ਦੇ ਦੋਸ਼ਾਂ ਦੀ ਪੜ੍ਹਤਾਲ ਦਾ ਕੰਮ ਪੂਰਾ ਹੋ ਚੁੱਕਾ ਹੈ। ਇਹ ਪੜ੍ਹਤਾਲ ਇੱਕ ਸ਼ਿਕਾਇਤ ਦੇ ਆਧਾਰ ‘ਤੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਐਸਡੀਐਮ ਤਪਾ ਨੂੰ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਐਸਡੀਐਮ ਤਪਾ ਨੇ ਪੜ੍ਹਤਾਲ ਪੂਰੀ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭੇਜ ਦਿੱਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੜ੍ਹਤਾਲੀਆ ਅਫ਼ਸਰ ਨੇ ਪਿੰਡ ਛੀਨੀਵਾਲ ਕਲਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਦੱਬੀ ਪਾਈਪ ਲਾਈਨ ਦੇ ਕੰਮ ਨਾਲ ਸੰਬੰਧਿਤ ਪੰਚਾਇਤ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਵਿੱਤੀ ਗੜਬੜੀ ਦਾ ਦੋਸ਼ੀ ਮੰਨਦੇ ਹੋਏ ਵਿਭਾਗੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਇਹ ਜਾਣਕਾਰੀ ਵੀ ਬਾਹਰ ਨਿਕਲੀ ਹੈ ਕਿ ਜਿਹੜੀ ਫਰਮ ਤੋਂ ਪਾਈਪ ਖਰੀਦੇ ਗਏ ਸੀ ਉਸ ਫਰਮ ਦੇ ਖ਼ਿਲਾਫ਼ ਵੀ ਪੜ੍ਹਤਾਲੀਆ ਅਫ਼ਸਰ ਨੇ ਕਾਰਵਾਈ ਲਈ ਲਿਖਿਆ ਹੈ। ਇਸ ਮਾਮਲੇ ਸਬੰਧੀ ਜਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੈਠੇ ਵੱਡੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਕਿਸੇ ਨੇ ਵੀ ਕੁਝ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੱਤਰਕਾਰਾਂ ਵੱਲੋਂ ਜ਼ੋਰ ਪਾਉਣ ‘ਤੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪੜ੍ਹਤਾਲੀਆ ਅਫ਼ਸਰ ਵੱਲੋਂ ਪੜ੍ਹਤਾਲ ਕਰਕੇ ਭੇਜੀ ਗਈ ਫਾਈਲ ਡਿਪਟੀ ਕਮਿਸ਼ਨਰ ਸਾਹਿਬ ਕੋਲ ਹੀ ਹੈ ਤੇ ਇਸ ਸਬੰਧੀ ਵਧੇਰੇ ਜਾਣਕਾਰੀ ਡਿਪਟੀ ਕਮਿਸ਼ਨਰ ਜਾਂ ਵਧੀਕ ਡਿਪਟੀ ਕਮਿਸ਼ਨਰ ਹੀ ਦੇ ਸਕਦੇ ਹਨ। ਜਦੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਸੰਪਰਕ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ “ਵੱਡੇ ਸਾਹਿਬ ਬਾਹਰ ਗਏ ਹਨ, ਉਹ ਹੀ ਇਸ ਮਾਮਲੇ ‘ਚ ਕੁਝ ਦੱਸ ਸਕਦੇ ਹਨ”, ਜਿਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਨਾਲ ਫੋਨ ‘ਤੇ ਸੰਪਰਕ ਕਰਨਾ ਚਾਹੇ ਤਾਂ ਸੰਪਰਕ ਨਹੀਂ ਹੋ ਸਕਿਆ। ਧਿਆਨ ਰਹੇ ਕਿ ਪਿੰਡ ਛੀਨੀਵਾਲ ਕਲਾਂ ਦੇ ਗੰਦੇ ਪਾਣੀ ਦੀ ਪਾਈਪ ਦੱਬਣ ਦੇ ਮਾਮਲੇ ਸਬੰਧੀ ਸ਼ਿਕਾਇਤਕਰਤਾ ਨੇ ਵੱਡੇ ਵਿੱਤੀ ਗੜਬੜੀ ਦੇ ਦੋਸ਼ ਲਗਾਏ ਸਨ।
ਦੱਸ ਦੇਈਏ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਬੀਡੀਪੀਓ ਮਹਿਲ ਕਲਾਂ, ਪ੍ਰਬੰਧਕ ਗ੍ਰਾਮ ਪੰਚਾਇਤ ਛੀਨੀਵਾਲ ਕਲਾਂ, ਸੈਕਟਰੀ ਗ੍ਰਾਮ ਪੰਚਾਇਤ ਪਿੰਡ ਛੀਨੀਵਾਲ ਕਲਾਂ, ਜੂਨੀਅਰ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ ਤੋਂ ਇਲਾਵਾ ਇੱਕ ਫਰਮ ਨੂੰ ਵੀ ਧਿਰ ਬਣਾਇਆ ਸੀ। ਇਸ ਮਾਮਲੇ ਦੀ ਪੜ੍ਹਤਾਲ ਪੂਰੀ ਹੋਣ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਬੈਠਾ ਕੋਈ ਵੀ ਅਧਿਕਾਰੀ ਦੱਸਣ ਲਈ ਤਿਆਰ ਨਹੀਂ ਕਿ ਉਕਤ ਕਿਹੜੇ ਅਧਿਕਾਰੀਆਂ ਵਿੱਚੋਂ ਪੜ੍ਹਤਾਲੀਆ ਅਫ਼ਸਰ ਨੇ ਕਿਸ ਅਧਿਕਾਰੀ ਨੂੰ ਵਿੱਤੀ ਗੜਬੜੀ ਦਾ ਦੋਸ਼ੀ ਮੰਨਿਆ ਹੈ ਅਤੇ ਸਬੰਧਤ ਅਧਿਕਾਰੀ ਦੇ ਖ਼ਿਲਾਫ਼ ਕਿਹੜੀ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਪੰਚਾਇਤ ਵਿਭਾਗ ਦੇ ਇੱਕ ਵੱਡੇ ਅਫ਼ਸਰ ਨੇ ਕਿਹਾ ਕਿ “ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਪੜ੍ਹਤਾਲੀਆ ਅਫ਼ਸਰ ਨੇ ਕਿਹੜੇ ਅਧਿਕਾਰੀ ਦੇ ਖ਼ਿਲਾਫ਼ ਕਿਹੜੇ ਦੋਸ਼ ਆਇਦ ਕੀਤੇ ਹਨ ਅਤੇ ਕਿਹੜੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਪਰੰਤੂ ਉਹ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਜਿਹੜੇ ਦੋਸ਼ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਲਗਾਏ ਹਨ ਜੇਕਰ ਉਹ ਸਿੱਧ ਹੋਏ ਹਨ ਤਾਂ ਸੰਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਤੋਂ ਇਲਾਵਾ ਐਫਆਈਆਰ ਵੀ ਦਰਜ ਹੋ ਸਕਦੀ ਹੈ। ਦੂਜੇ ਪਾਸੇ ਬੀਡੀਪੀਓ ਦਫ਼ਤਰ ਮਹਿਲ ਕਲਾਂ ‘ਚ ਇਸ ਸਬੰਧੀ ਚੁੱਪ ਛਾਈ ਹੋਈ ਹੈ ਜਿਸ ਨੂੰ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਕਿਹਾ ਜਾ ਸਕਦਾ ਹੈ। ਬੀਡੀਪੀਓ ਦਫ਼ਤਰ ‘ਚ ਬੈਠੇ ਕੁਝ ਅਧਿਕਾਰੀ ਵੀ ਮੰਨ ਰਹੇ ਹਨ ਕਿ ਕੁਝ ਵੱਡਾ ਹੋਣ ਵਾਲਾ ਹੈ। ਬਹਰਹਾਲ ! ਹੁਣ ਪਿੰਡ ਛੀਨੀਵਾਲ ਕਲਾਂ ਦਾ ਇਹ ਮੁੱਦਾ ਪੜ੍ਹਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਦੀ ਕਚਹਿਰੀ ਵਿੱਚ ਪੁੱਜ ਚੁੱਕਿਆ ਹੈ ਜਿੱਥੋਂ ਡਿਪਟੀ ਕਮਿਸ਼ਨਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਣਗੇ ਜਾਂ ਆਪਣੇ ਪੱਧਰ ‘ਤੇ ਕੋਈ ਐਕਸ਼ਨ ਕਰਨਗੇ, ਇਹ ਸਮੇਂ ਦੀ ਬੁੱਕਲ ਵਿੱਚ ਹੈ। ਹੁਣ ਵੇਖਣਾ ਹੋਵੇਗਾ ਕਿ ਡੀਸੀ ਸਾਹਿਬ ਪੜ੍ਹਤਾਲੀਆ ਅਫ਼ਸਰ ਵੱਲੋਂ ਪੜ੍ਹਤਾਲ ਕਰਕੇ ਸੌਂਪੀ ਰਿਪੋਰਟ ‘ਤੇ ਕਦੋਂ ਨਜ਼ਰ ਮਾਰਦੇ ਹਨ।