ਚੰਡੀਗੜ੍ਹ,3 ਨਵੰਬਰ, Gee98 News service
-ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਇੱਕ ਗੈਂਗਸਟਰ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ‘ਚ ਇੱਕ ਗੁਰਦੁਆਰੇ ‘ਚ ਗੋਲੀ ਚਲਾਉਣ ਵਾਲੇ ਸ਼ੂਟਰ ਰਾਜ ਸਿੰਘ ਉਰਫ ਰਾਜੂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਹੈ। ਪੁਲਿਸ ਨੇ ਰਾਜੂ ਨੂੰ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਸੀ। ਪੁਲਿਸ ਅਨੁਸਾਰ ਹਿਰਾਸਤ ਵਿੱਚ ਅਚਾਨਕ ਰਾਜੂ ਦੇ ਸੀਨੇ ‘ਚ ਦਰਦ ਹੋਇਆ ਜਿਸ ਤੋਂ ਬਾਅਦ ਪੁਲਿਸ ਉਸਨੂੰ ਹਸਪਤਾਲ ਲੈ ਕੇ ਗਈ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਜੇ ਤੱਕ ਰਾਜੂ ਦੀ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪ੍ਰੰਤੂ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਸਾਹਮਣੇ ਆਵੇਗਾ। ਇਹ ਘਟਨਾ ਸੋਮਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਰਾਜ ਸਿੰਘ ਉਰਫ ਰਾਜੂ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਮਾਛੀਵਾੜਾ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ 28 ਅਕਤੂਬਰ ਦੀ ਸਵੇਰ ਤਿੰਨ ਕੁ ਵਜੇ ਸੁਧਾਰ ਦੇ ਨੇੜੇ ਪਿੰਡ ਰਾਜੋਆਣਾ ਕਲਾਂ ‘ਚ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਜਦੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੇ ਰਿਹਾਇਸ਼ੀ ਕਮਰੇ ‘ਤੇ ਗੋਲੀਆਂ ਚਲਾਈਆਂ ਸੀ ਪ੍ਰੰਤੂ ਬਾਬਾ ਬਲਦੇਵ ਸਿੰਘ ਉਸ ਵੇਲੇ ਬਾਥਰੂਮ ਵਿੱਚ ਨਹਾ ਰਹੇ ਸੀ ਜਿਸ ਕਰਕੇ ਉਹ ਵਾਲ ਵਾਲ ਬਚ ਗਏ। ਬਾਬਾ ਬਲਦੇਵ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਜਾਨ ਤੋਂ ਮਾਰਨ ਦੀਆਂ ਅਤੇ ਫਿਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਸਨ। ਪੁਲਿਸ ਨੇ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਅਤੇ ਖੁਫੀਆ ਸੂਚਨਾਵਾਂ ਦੇ ਅਧਾਰ ‘ਤੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਰਾਜ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਸਬੰਧੀ ਥਾਣਾ ਸੁਧਾਰ ਦੇ ਐਸਐਚਓ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਰਾਜੂ ਦੀ ਅਚਾਨਕ ਤਬੀਅਤ ਖਰਾਬ ਹੋਈ ਜਿਸ ਤੋਂ ਬਾਅਦ ਉਸ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਅਤੇ ਫਿਰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪ੍ਰੰਤੂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ।