Skip to main content

Gee 98News

ਫਿਰੌਤੀ ਜਾਂ ਕੁਝ ਹੋਰ….ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਦਾ ਮੁੱਦਾ

ਬਰਨਾਲਾ, 14 ਸਤੰਬਰ, (ਨਿਰਮਲ ਸਿੰਘ ਪੰਡੋਰੀ)-

-ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਬਰਨਾਲਾ ਪੁਲਿਸ ਸਰਗਰਮ ਹੋ ਗਈ ਹੈ। ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਦੀ ਘਟਨਾ ਤੋਂ ਬਾਅਦ ਕਾਰੋਬਾਰੀਆਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।‌ ਭਾਵੇਂ ਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਫਾਇਰਿੰਗ ਦੇ ਕਾਰਨਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਪ੍ਰੰਤੂ ਆਮ ਲੋਕ ਗੁਲਾਬ ਸਿੱਧੂ ਦੇ ਘਰ ਉੱਪਰ ਕੀਤੀ ਫਾਇਰਿੰਗ ਨੂੰ ਫਿਰੌਤੀ ਨਾਲ ਜੋੜ ਰਹੇ ਹਨ। ਚੇਤੇ ਰਹੇ ਕਿ ਕੁਝ ਮਹੀਨੇ ਪਹਿਲਾਂ ਗੈਂਗਸਟਰਾਂ ਨੇ ਗੁਲਾਬ ਸਿੱਧੂ ਨੂੰ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਗੁਲਾਬ ਸਿੱਧੂ ਨੂੰ ਦੋ ਸੁਰੱਖਿਆ ਕਰਮਚਾਰੀ ਵੀ ਦਿੱਤੇ ਗਏ ਸਨ। ਦੂਜੇ ਪਾਸੇ ਇਸ ਮਾਮਲੇ ਨਾਲ ਜੁੜੇ ਇੱਕ ਅਹਿਮ ਘਟਨਾਕ੍ਰਮ ‘ਚ ਗੈਂਗਸਟਰ ਡੌਨੀ ਬੱਲ ਨੇ ਗੁਲਾਬ ਸਿੱਧੂ ਦੇ ਘਰ ਉੱਪਰ ਕੀਤੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਗੈਂਗਸਟਰ ਦੀ ਵਾਇਰਲ ਹੋ ਰਹੀ ਇੱਕ ਆਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ “ਇਹ ਸਿੱਧੂ ਮੂਸੇਵਾਲੇ ਦੇ ਨਾਮ ‘ਤੇ ਰੋਟੀਆਂ ਸੇਕਦਾ ਹੈ, ਡਰਾਮੇ ਕਰਦਾ ਹੈ। ਜੇਕਰ ਇਹ ਸਿੱਧੂ ਦਾ ਐਨਾ ਚਹੇਤਾ ਸੀ ਤਾਂ ਸਿੱਧੂ ਦੇ ਦੁਸ਼ਮਣਾਂ ਦੇ ਦੋਸਤਾਂ ਦੇ ਵਿਆਹਾਂ ‘ਚ ਨਾ ਜਾਂਦਾ।‌ ਇਸ ਨੂੰ ਸਾਡੇ ਫੋਨ ਦੀ ਰਿੰਗ ਨਹੀਂ ਸੁਣਦੀ ਇਸ ਲਈ ਅਜੇ ਡੋਰ ਬੈੱਲ ਹੀ ਵਜਾਈ ਹੈ”। ਗੈਂਗਸਟਰਾਂ ਵੱਲੋਂ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦੀ ਚਰਚਾ ਤੋਂ ਬਾਅਦ ਬਰਨਾਲਾ ਪੁਲਿਸ ‘ਤੇ ਇਸ ਮਾਮਲੇ ਸਬੰਧੀ ਹੋਰ ਦਬਾਅ ਵਧਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨੇ ਤੋਂ ਬਰਨਾਲਾ ਸ਼ਹਿਰ ਅਤੇ ਬਰਨਾਲਾ ਖੇਤਰ ਵਿੱਚ ਕੁਝ ਵੱਡੇ ਕਾਰੋਬਾਰੀਆਂ ਨੂੰ ਲੱਖਾਂ ਕਰੋੜਾਂ ਦੀ ਫਿਰੌਤੀ ਸਬੰਧੀ ਗੈਂਗਸਟਰਾਂ ਦੇ ਫੋਨ ਆਏ ਹਨ। ਚਰਚਾ ਇਹ ਵੀ ਹੈ ਕਿ ਕੁਝ ਕਾਰੋਬਾਰੀਆਂ ਨੇ ਬਿਨਾਂ ਪੁਲਿਸ ਨੂੰ ਸੂਚਿਤ ਕੀਤੇ ਲੈਣ ਦੇਣ ਕੀਤਾ ਵੀ ਹੈ ਭਾਵੇਂ ਕਿ ਇਹ ਚਰਚਾ ਮੂੰਹੋਂ ਮੂੰਹੀਂ ਜ਼ੋਰਾਂ ‘ਤੇ ਹੋ ਰਹੀ ਹੈ ਪ੍ਰੰਤੂ ਇਸ ਮਾਮਲੇ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ “ਆਫ਼ ਦੀ ਰਿਕਾਰਡ ਜਾਂ ਆਨ ਦੀ ਰਿਕਾਰਡ” ਵੀ ਕੁਝ ਦੱਸਣ ਲਈ ਤਿਆਰ ਨਹੀਂ ਹੈ। ਉਕਤ ਚਰਚਾ ਸਬੰਧੀ ਬਰਨਾਲਾ ਦੇ ਇੱਕ ਪੁਲਿਸ ਅਫ਼ਸਰ ਨੇ ਕਿਹਾ ਕਿ ਅਜਿਹੀਆਂ ਸੂਚਨਾਵਾਂ ਗੁਪਤ ਇਸ ਕਰਕੇ ਰੱਖੀਆਂ ਜਾਂਦੀਆਂ ਹਨ ਕਿਉਂਕਿ ਇਹਨਾਂ ਨੂੰ ਜਨਤਕ ਕਰਨ ਨਾਲ ਜਿੱਥੇ ਸਬੰਧਿਤ ਪਰਿਵਾਰ ਨੂੰ ਖ਼ਤਰਾ ਖੜਾ ਹੋ ਜਾਂਦਾ ਉੱਥੇ ਪੁਲਿਸ ਦੀ ਜਾਂਚ ਵੀ ਪ੍ਰਭਾਵਿਤ ਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦਾਅਵਾ ਕੀਤਾ ਕਿ ਪੁਲਿਸ ਜਲਦੀ ਹੀ ਦੋਸ਼ੀਆਂ ਦੀ ਪੈੜ ਨੱਪੇਗੀ।
ਫੋਟੋ ਕੈਪਸ਼ਨ-ਗੁਲਾਬ ਸਿੱਧੂ ਦੇ ਘਰ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ

error: Content is protected !!