– ਦੋਵਾਂ ਤੋਂ 9mm ਦੇ ਤਿੰਨ ਆਟੋਮੈਟਿਕ ਪਿਸਟਲ ਬਰਾਮਦ-CP ਲੁਧਿਆਣਾ
ਚੰਡੀਗੜ੍ਹ, 13 ਸਤੰਬਰ , Gee98 news service-
-ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੁਧਿਆਣਾ ‘ਚ ਐਤਵਾਰ ਦੋ ਗੈਂਗਸਟਰਾਂ ਨੂੰ ਪੁਲਿਸ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਘਟਨਾ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਇੱਕ ਮੋਟਰਸਾਈਕਲ ‘ਤੇ ਸਵਾਰ ਸਨ ਜੋ ਆਪਣੇ ਵਿਰੋਧੀ ਗੈਂਗ ਦੇ ਇੱਕ ਸਮਾਗਮ ‘ਚ ਕੁਝ ਲੋਕਾਂ ਨੂੰ ਮਾਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਦੋਵੇਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਬਾਰੇ ਏਜੀਟੀਐਫ ਨੂੰ ਸੂਚਨਾ ਸੀ ਜੋ ਉਹਨਾਂ ਨੇ ਲੁਧਿਆਣਾ ਪੁਲਿਸ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਸਾਂਝੇ ਆਪਰੇਸ਼ਨ ਵਿੱਚ ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਦ ਦੋਵੇਂ ਗੈਂਗਸਟਰਾਂ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਯਤਨ ਕੀਤਾ ਤਾਂ ਦੋਵਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਦੋਵੇਂ ਮਾਰੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਨੌਜਵਾਨ ਗੈਂਗਸਟਰ ਅੰਮ੍ਰਿਤਸਰ ਦੇ ਹਨ ਤੇ ਦੋਵੇਂ ਵਿਦੇਸ਼ ਬੈਠੇ ਗੈਂਗਸਟਰ ਡੋਨੀ ਬੱਲ ਦੇ ਸੰਪਰਕ ਵਿੱਚ ਸਨ ਅਤੇ ਡੋਨੀ ਬੱਲ ਹੀ ਇਹਨਾਂ ਨੂੰ ਗਾਈਡ ਕਰ ਰਿਹਾ ਸੀ ਉਸਨੇ ਹੀ ਇਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਇਹ ਵਾਰਦਾਤ ਗੈਂਗਸਟਰਾਂ ਦੇ ਅੰਦਰੂਨੀ ਦੁਸ਼ਮਣੀ ਨਾਲ ਜੁੜੀ ਹੋਈ ਹੈ ਅਤੇ ਇਹ ਦੋਵੇਂ 2016 ‘ਚ ਕਤਲ ਹੋਏ ਗੈਂਗਸਟਰ ਰਵਿੰਦਰ ਸਿੰਘ ਰਵੀ ਅਤੇ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਗੈਂਗਵਾਰ ਤਹਿਤ ਹੀ ਅੱਜ ਇਹ ਦੋਵੇਂ ਗੈਂਗਸਟਰ ਲੁਧਿਆਣਾ ਵਿਖੇ ਵਿਰੋਧੀ ਗਰੁੱਪ ਦੇ ਬੰਦਿਆਂ ਨੂੰ ਮਾਰਨ ਲਈ ਆਏ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਸਿਰਫ 900 ਮੀਟਰ ਦੀ ਦੂਰੀ ‘ਤੇ ਰਵਿੰਦਰ ਸਿੰਘ ਵੀ ਗੈਂਗਸਟਰ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਲੱਗਿਆ ਹੋਇਆ ਸੀ ਜਿੱਥੇ ਇਹਨਾਂ ਗੈਂਗਸਟਰਾਂ ਨੇ ਪੁੱਜ ਕੇ ਵਿਰੋਧੀ ਗੈਂਗ ਦੇ ਬੰਦਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਅਤੇ ਗੈਂਗਸਟਰਾਂ ਦੀ ਮੁੱਠਭੇੜ ਵਿੱਚ 25 ਤੋਂ ਵੱਧ ਰਾਊਂਡ ਫਾਇਰਿੰਗ ਹੋਈ। ਉਹਨਾਂ ਦੱਸਿਆ ਕਿ ਦੋਵੇਂ ਗੈਂਗਸਟਰਾਂ ਤੋਂ ਤਿੰਨ 9mm ਦੇ ਆਟੋਮੈਟਿਕ ਪਿਸਟਲ ਵੀ ਬਰਾਮਦ ਕੀਤੇ ਗਏ, ਜੋ ਵਾਰਦਾਤ ਸਮੇਂ ਲੋਡ ਸਨ।
ਫੋਟੋ ਕੈਪਸ਼ਨ-ਘਟਨਾ ਸਥਾਨ ਦੀ ਤਸਵੀਰ