– ਜਿਸ ਨੂੰ ਮਰਿਆ ਸਮਝਿਆ….ਉਹ ਜਿਉਂਦਾ ਨਿਕਲਿਆ
ਚੰਡੀਗੜ੍ਹ ,15 ਸਤੰਬਰ, Gee98 News service-
-ਬੀਤੇ ਕੱਲ੍ਹ ਲੁਧਿਆਣਾ ਵਿਖੇ ਦੋ ਗੈਂਗਸਟਰਾਂ ਦੇ ਐਨਕਾਊਂਟਰ ਨਾਲ ਜੁੜੀ ਇੱਕ ਅਜੀਬ ਜਾਣਕਾਰੀ ਸਾਹਮਣੇ ਆ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਪੁਲਿਸ ਪਾਰਟੀ ਨਾਲ ਮੁੱਠਭੇੜ ਦੌਰਾਨ ਮਾਰੇ ਗਏ ਦੋਵੇਂ ਗੈਂਗਸਟਰਾਂ ਦੀ ਪਹਿਚਾਣ ਲਈ ਜਦੋਂ ਲੁਧਿਆਣਾ ਪੁਲਿਸ ਨੇ ਪੰਜਾਬ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ (PAIS) ਵਿੱਚ ਦੋਵਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਤਾਂ AI ਅਧਾਰਿਤ ਫੇਸ ਰਿਕੋਗਨੇਸ਼ਨ ਸਿਸਟਮ ਨੇ ਦੋਵੇਂ ਗੈਂਗਸਟਰਾਂ ਵਿੱਚੋਂ ਇੱਕ ਦੀ ਪਹਿਚਾਣ ਕਰਨਜੋਤ ਸਿੰਘ ਉਰਫ ਨੋਨੂ ਦੇ ਰੂਪ ‘ਚ ਕੀਤੀ ਜਦਕਿ ਦੂਜੇ ਦੀ ਪਹਿਚਾਣ ਅੰਮ੍ਰਿਤਸਰ ਦੇ ਸੁਲਤਾਨਵਿੰਡ ਦੇ ਨਿਵਾਸੀ ਸੰਦੀਪ ਸਿੰਘ ਦੇ ਤੌਰ ‘ਤੇ ਕੀਤੀ। ਪੁਲਿਸ ਮੁਕਾਬਲੇ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ AI ਸਿਸਟਮ ਦੀ ਪਹਿਚਾਣ ਦੇ ਅਧਾਰ ‘ਤੇ ਪੱਤਰਕਾਰਾਂ ਨੂੰ ਦੋਵੇਂ ਮਾਰੇ ਗਏ ਗੈਂਗਸਟਰਾਂ ਦੀ ਪਹਿਚਾਣ ਕਰਨਜੋਤ ਸਿੰਘ ਉਰਫ ਨੋਨੂ ਅਤੇ ਸੰਦੀਪ ਸਿੰਘ ਵਾਸੀ ਅੰਮ੍ਰਿਤਸਰ ਦੇ ਤੌਰ ‘ਤੇ ਕੀਤੀ। ਇਸ ਦੌਰਾਨ ਲੁਧਿਆਣਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਜਿਹੜੇ ਸੰਦੀਪ ਸਿੰਘ ਨੂੰ ਪੁਲਿਸ ਮੁਕਾਬਲੇ ਵਿੱਚ ਮਰਿਆ ਸਮਝਿਆ ਜਾ ਰਿਹਾ ਹੈ ਉਹ ਤਾਂ ਅਜੇ ਜਿਉਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ (ਜਿਸ ਨੂੰ ਸੰਦੀਪ ਸਿੰਘ ਸਮਝਿਆ) ਉਸ ਦੀ ਦੁਆਰਾ AI ਸਿਸਟਮ ਨਾਲ ਪਹਿਚਾਣ ਕੀਤੀ ਤਾਂ ਉਹ ਲਾਸ਼ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਜਲੰਧਰ ਦੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ AI ਸਿਸਟਮ ਨੇ ਇੱਕ ਗੈਂਗਸਟਰ ਦੀ ਪਹਿਚਾਣ ਕਰਨ ਵਿੱਚ ਇਸ ਕਰਕੇ ਗ਼ਲਤੀ ਕੀਤੀ ਕਿਉਂਕਿ ਗੁਰਪ੍ਰੀਤ ਸਿੰਘ ਦਾ ਚਿਹਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੰਦੀਪ ਸਿੰਘ ਨਾਲ ਕਾਫੀ ਮਿਲਦਾ ਜੁਲਦਾ ਸੀ ਜਿਸ ਵਜ੍ਹਾ ਕਰਕੇ PAIS ਨੇ ਉਸਨੂੰ ਸੰਦੀਪ ਸਿੰਘ ਦੇ ਤੌਰ ‘ਤੇ ਪਹਿਚਾਣ ਲਿਆ। ਪੁਲਿਸ ਦੇ AI ਸਿਸਟਮ ਦੀ ਗ਼ਲਤੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਟੀਮ ਨੇ ਅੰਮ੍ਰਿਤਸਰ ਜਾ ਕੇ ਸੰਦੀਪ ਸਿੰਘ ਦਾ ਫਿਜੀਕਲ ਵੈਰੀਫਿਕੇਸ਼ਨ ਵੀ ਕੀਤਾ। ਪੁਲਿਸ ਅਨੁਸਾਰ ਸੰਦੀਪ ਸਿੰਘ ਪਹਿਲਾਂ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਅਤੇ ਉਹ ਫਿਲਹਾਲ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ। ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਬਲੱਡ ਡੋਨੇਸ਼ਨ ਕੈਂਪ ਵਿੱਚ ਮਾਰੇ ਗਏ ਗੈਂਗਸਟਰ ਫਾਇਰਿੰਗ ਕਰਨ ਆਏ ਸਨ ਉਸ ਸਾਜਿਸ਼ ਨਾਲ ਸੰਦੀਪ ਸਿੰਘ ਦਾ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ।
ਫੋਟੋ ਕੈਪਸ਼ਨ-ਲੁਧਿਆਣਾ ਵਿਖੇ ਬੀਤੇ ਕੱਲ੍ਹ ਹੋਏ ਗੈਂਗਸਟਰਾਂ ਨਾਲ ਪੁਲਿਸ ਐਨਕਾਊਂਟਰ ਜਗ੍ਹਾ ਦੀ ਤਸਵੀਰ