Skip to main content

Gee 98News

ਜਪਾਨ ‘ਚ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 1 ਲੱਖ ਤੋਂ ਵਧੀ… ਪੜ੍ਹੋ ਦਿਲਚਸਪ ਖ਼ਬਰ

-ਘੱਟ ਰਹੀ ਹੈ ਜਪਾਨ ਦੀ ਆਬਾਦੀ

ਚੰਡੀਗੜ੍ਹ, 17 ਸਤੰਬਰ, Gee98 News service-

-ਇੱਕ ਪਾਸੇ ਭਾਰਤ ਵਿੱਚ ਜਿੱਥੇ ਮਾੜੀਆਂ ਖੁਰਾਕਾਂ, ਮਾੜੀਆਂ ਸਿਹਤ ਸੇਵਾਵਾਂ, ਮਾੜਾ ਵਾਤਾਵਰਨ ਤੇ ਕੁਝ ਹੋਰ ਕਾਰਨਾਂ ਕਰਕੇ ਪੁਰਸ਼ਾਂ ਤੇ ਔਰਤਾਂ ਦੀ ਔਸਤ ਉਮਰ ਦਰ ਘਟਦੀ ਜਾ ਰਹੀ ਹੈ ਉਤੇ ਦੂਜੇ ਪਾਸੇ ਜਪਾਨ ਤੋਂ ਇਸ ਮਾਮਲੇ ‘ਚ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਖ਼ਬਰਾਂ ਅਨੁਸਾਰ ਜਪਾਨ ਵਿੱਚ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸੰਖਿਆ ਇੱਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਪਾਨ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ 1,07,677 ਲੋਕ ਅਜਿਹੇ ਹਨ ਜਿਨਾਂ ਦੀ ਉਮਰ ਘੱਟੋ ਘੱਟ 100 ਸਾਲ ਹੈ। ਜਪਾਨ ‘ਚ ਇਸ ਸਾਲ 100 ਸਾਲ ਦੀ ਉਮਰ ਤੋਂ ਜ਼ਿਆਦਾ ਲੋਕਾਂ ਦੀ ਸੰਖਿਆ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਹਜ਼ਾਰ ਹੋਰ ਵਧੀ ਹੈ। ਹਾਂਗਕਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਸੋਸ਼ਲ ਸਾਇੰਸ ਪ੍ਰੋਫੈਸਰ ਸਟੂਅਰਟ ਵਾਸਟੇਨ ਦੇ ਮੁਤਾਬਕ ਜਪਾਨ ‘ਚ ਲੰਬੀ ਉਮਰ ਦੇ ਕਈ ਕਾਰਨ ਹਨ ਜਿਨਾਂ ਵਿੱਚੋਂ ਸਿਹਤਮੰਦ ਖਾਣਾ, ਰੋਜ਼ਾਨਾ ਜ਼ਿੰਦਗੀ ‘ਚ ਕਾਰਜਸ਼ੀਲ ਰਹਿਣਾ, ਸਸਤੀਆਂ ਅਤੇ ਚੰਗੀਆਂ ਸਿਹਤ ਸੇਵਾਵਾਂ ਅਤੇ ਨਿਯਮਤ ਸਰੀਰਕ ਜਾਂਚ ਸ਼ਾਮਿਲ ਹਨ। ਰਿਪੋਰਟ ਅਨੁਸਾਰ ਜਪਾਨ ‘ਚ 100 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਵੱਡੀ ਗਿਣਤੀ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਉਸ ਪੀੜੀ ਦੇ ਪੁਰਸ਼ਾਂ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀ ਆਦਤ ਜ਼ਿਆਦਾ ਸੀ ਅਤੇ ਉਹ ਉਦਯੋਗਿਕ ਤੇ ਸਰੀਰਕ ਮਿਹਨਤ ਵਾਲੇ ਕੰਮਾਂ ਵਿੱਚ ਜ਼ਿਆਦਾ ਸ਼ਾਮਿਲ ਸਨ ਜਿਨਾਂ ਕਰਕੇ ਲੰਬੇ ਸਮੇਂ ਤੱਕ ਉਹਨਾਂ ਦੀ ਸਿਹਤ ‘ਤੇ ਅਸਰ ਪਿਆ। ਜਪਾਨ ‘ਚ 100 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਜ਼ਿਆਦਾ ਗਿਣਤੀ ਦਾ ਇੱਕ ਇਤਿਹਾਸਿਕ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਕਰੀਬ 23 ਲੱਖ ਸੈਨਿਕ ਮਾਰੇ ਗਏ ਸਨ ਜਿਨਾਂ ਵਿੱਚੋਂ ਲੱਗਭੱਗ ਸਾਰੇ ਪੁਰਸ਼ ਸਨ, ਯੁੱਧ ਵਿੱਚ ਵੱਡੀ ਸੰਖਿਆ ‘ਚ ਪੁਰਸ਼ਾਂ ਦੀ ਮੌਤ ਤੋਂ ਬਾਅਦ ਉਸ ਪੀੜੀ ਦੀਆਂ ਮਹਿਲਾਵਾਂ ਦਾ ਅਨੁਪਾਤ ਵਧ ਰਿਹਾ।
                                                                                              ਭਾਰਤ ਦੇ ਮੁਕਾਬਲੇ ਜੇਕਰ ਜਪਾਨ ਦੀ ਆਬਾਦੀ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਭਾਰਤ ਵਿੱਚ ਆਬਾਦੀ ਅਮਰਵੇਲ ਵਾਂਗ ਵੱਧ ਰਹੀ ਹੈ ਦੂਜੇ ਪਾਸੇ ਜਪਾਨ ਦੀ ਆਬਾਦੀ ਘੱਟ ਰਹੀ ਹੈ। ਜਪਾਨ ਦੀ ਸਰਕਾਰ ਦੇ ਅਨੁਮਾਨ ਮੁਤਾਬਕ 2070 ਤੱਕ ਜਪਾਨ ਦੀ ਆਬਾਦੀ ਲੱਗਭੱਗ 4 ਕਰੋੜ ਹੋਰ ਘਟ ਸਕਦੀ ਹੈ। ਰਿਪੋਰਟ ਮੁਤਾਬਕ ਜਪਾਨ ‘ਚ ਹਰ ਇੱਕ ਬੱਚੇ ਦੇ ਜਨਮ ਪਿੱਛੇ ਕਰੀਬ ਦੋ ਲੋਕਾਂ ਦੀ ਮੌਤ ਹੋ ਰਹੀ ਹੈ। ਜਪਾਨ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੰਖਿਆ ਘਟ ਰਹੀ ਹੈ ਜਦਕਿ ਬਜ਼ੁਰਗਾਂ ਦੀ ਸੰਖਿਆ ਵਧ ਰਹੀ ਹੈ ਜਿਸ ਨਾਲ ਸਰਕਾਰ ‘ਤੇ ਟੈਕਸ ਅਤੇ ਸਮਾਜਿਕ ਸੁਰੱਖਿਆ ਦਾ ਬੋਝ ਵੱਧ ਰਿਹਾ ਹੈ। ਜਪਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਆਬਾਦੀ ‘ਚ ਗਿਰਾਵਟ ਦੀ ਦਰ ਨੂੰ ਨਹੀਂ ਬਦਲਿਆ ਜਾ ਰਿਹਾ। ਜਪਾਨ ਦੀ ਜਨਗਣਨਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਸਮੱਸਿਆ ਜਾਪਾਨ ਦੇ ਲੱਗਭੱਗ ਹਰ ਹਿੱਸੇ ਵਿੱਚ ਹੈ। ਦੇਸ਼ ਦੇ 47 ਰਾਜਾ ਵਿੱਚੋਂ 45 ਰਾਜਾਂ ਦੀ ਆਬਾਦੀ 2025 ‘ਚ ਘੱਟ ਹੋਈ ਸਿਰਫ ਦੋ ਪ੍ਰਾਂਤ ਹੀ ਅਜਿਹੇ ਹਨ ਜਿੱਥੇ ਆਬਾਦੀ ‘ਚ ਵਾਧਾ ਦਰਜ ਕੀਤਾ ਗਿਆ। ਜਪਾਨ ‘ਚ ਆਬਾਦੀ ਦੀ ਸਮੱਸਿਆ ਨਾਲ ਨਿਪਟਣ ਲਈ ਜ਼ਿਆਦਾ ਵਿਦੇਸ਼ੀਆਂ ਨੂੰ ਕੰਮ ਕਰਨ ਦੀ ਅਤੇ ਰਹਿਣ ਦੀ ਇਜਾਜ਼ਤ ਦੇਣ ਦੀ ਚਰਚਾ ਵੀ ਅਕਸਰ ਹੁੰਦੀ ਰਹਿੰਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਕਮੀ ਕੁਝ ਹੱਦ ਤੱਕ ਪੂਰੀ ਹੋ ਸਕਦੀ ਹੈ ਦੂਜੇ ਪਾਸੇ ਇਸ ਮਾਮਲੇ ‘ਤੇ ਜਪਾਨ ਵਿੱਚ ਬਹਿਸ ਵੀ ਹੋ ਰਹੀ ਹੈ। ਜਪਾਨ ਦੇ ਕੁਝ ਲੋਕ ਵਿਦੇਸ਼ੀਆਂ ਦੀ ਸੰਖਿਆ ਨੂੰ ਵਧਾਉਣ ਦੀ ਬਜਾਏ ਇਮੀਗ੍ਰੇਸ਼ਨ ਦੇ ਨਿਯਮ ਹੋਰ ਸਖ਼ਤ ਕਰਨ ਦੀ ਮੰਗ ਕਰ ਰਹੇ ਹਨ ਇਹ ਵਿਚਾਰਧਾਰਾ “ਜਪਾਨ ਫਸਟ” ਵਰਗੇ ਅੰਦੋਲਨਾਂ ‘ਚ ਵੀ ਦਿਖਾਈ ਦਿੱਤੀ ਹੈ।

Gee98 Ads
error: Content is protected !!