Skip to main content

Gee 98News

ਪੁਲਸੀਆ ਵਰਦੀ ‘ਚ ਲੋਕੀ ਨਸ਼ਾ ਤਸਕਰਾਂ ਦੀ ਕਾਲੀ ਬਿੱਲੀ 100 ਕਰੋੜ ਦੀ ਹੈਰੋਇਨ ਸਮੇਤ BSF ਵੱਲੋਂ ਕਾਬੂ

ਚੰਡੀਗੜ੍ਹ, 15 ਅਕਤੂਬਰ, ( ਨਿਰਮਲ ਸਿੰਘ ਪੰਡੋਰੀ )-

-ਬੀਐਸਐਫ ਵੱਲੋਂ ਭਾਰਤ-ਪਾਕਿ ਸਰਹੱਦ ‘ਤੇ 15 ਕਿਲੋ ਦੇ ਲੱਗਭੱਗ ਹੈਰੋਇਨ ਸਮੇਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਗ੍ਰਿਫ਼ਤਾਰੀ ਕੋਈ ਆਮ ਘਟਨਾ ਨਹੀਂ ਹੈ। ਬੀਐਸਐਫ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਖਾਸ ਕਰਕੇ ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਵੱਡੇ ਸਵਾਲ ਖੜੇ ਕੀਤੇ ਹਨ। ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ ਅਨੁਮਾਨਿਤ 100 ਕਰੋੜ ਮੰਨੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਇਸ ਕਾਂਸਟੇਬਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ‘ਚ ਇਸ ਕਰਕੇ ਵੀ ਹੈ ਕਿ ਜੇਕਰ ਪੁਲਿਸ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਗਤੀਵਿਧੀਆਂ ਬਾਰੇ ਹੀ ਜਾਣਕਾਰੀ ਨਹੀਂ ਹੈ ਤਾਂ ਉਹ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਕਿੰਨੀ ਕੁ ਜਾਣਕਾਰੀ ਰੱਖਦੀ ਹੋਵੇਗੀ। ਇਹ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ ਕਿ ਜੇਕਰ ਇਹ ਹੈਰੋਇਨ ਦੀ ਵੱਡੀ ਖੇਪ ਬੀਐਸਐਫ ਦੀ ਅੱਖ ਤੋਂ ਬਾਹਰ ਨਿਕਲ ਜਾਂਦੀ ਤਾਂ ਇਹ ਪੰਜਾਬ ‘ਚ ਕਿੰਨੀ ਤਬਾਹੀ ਮਚਾਉਂਦੀ। ਕੀ ਪੰਜਾਬ ਪੁਲਿਸ ਇਸ ਆਪਣੇ ਸਿਪਾਹੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਸਕਦੀ ਸੀ ? ਕਿੰਨੇ ਸਮੇਂ ਤੋਂ ਪੰਜਾਬ ਪੁਲਿਸ ਦਾ ਇਹ ਸਿਪਾਹੀ ਇਸ ਗੋਰਖਧੰਦੇ ਵਿੱਚ ਲੱਗਿਆ ਸੀ ? ਕੀ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਤੇ ਸਿਰਫ਼ ਇਸੇ ਕਰਕੇ ਸ਼ੱਕ ਨਹੀਂ ਕਰਦੀ ਕਿ ਉਹਨਾਂ ਨੇ ਖਾਕੀ ਰੰਗ ਦੀ ਵਰਦੀ ਪਾਈ ਹੋਈ ਹੈ ? ਕੀ ਖਾਕੀ ਦੇ ਭੇਸ ਵਿੱਚ ਲੁਕੀਆਂ ਕਾਲੀਆਂ ਬਿੱਲੀਆਂ ਦੀ ਪਹਿਚਾਣ ਕਰਨ ਲਈ ਪੰਜਾਬ ਪੁਲਿਸ ਦਾ ਇਟੈਲੀਜਿੰਸ ਵਿੰਗ ਪੂਰੀ ਤਰ੍ਹਾਂ ਫੇਲ ਹੈ ? ਬੀਐਸਐਫ ਵੱਲੋਂ ਫੜਿਆ ਗਿਆ ਪੰਜਾਬ ਪੁਲਿਸ ਦਾ ਇਹ ਕਾਂਸਟੇਬਲ ਪੁਲਿਸ ਥਾਣਾ ਸਰਾਏ ਅਮਾਨਤ ਖਾਨ ਅਧੀਨ ਪੈਂਦੇ ਪਿੰਡ ਭੂਸੇ ਦੇ ਨੰਬਰਦਾਰ ਦਾ ਬੇਟਾ ਕਰਨਵੀਰ ਸਿੰਘ ਹੈ ਜੋ ਡੇਢ ਕੁ ਮਹੀਨਾ ਪਹਿਲਾਂ ਹੀ ਐਂਟੀ ਡਰੋਨ ਸਿਸਟਮ ਟੀਮ ਵਿੱਚ ਸ਼ਾਮਿਲ ਹੋਇਆ ਸੀ। ‌ ਇਸ ਤੋਂ ਪਹਿਲਾਂ ਇਹ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪੁਲਿਸ ਚੌਂਕੀ ਸੁਰ ਸਿੰਘ ਵਿੱਚ ਮੁਨਸ਼ੀ ਦੇ ਤੌਰ ‘ਤੇ ਤਾਇਨਾਤ ਸੀ। ‌ ਚਿੰਤਾ ਇਸ ਗੱਲ ਦੀ ਵੀ ਹੈ ਕਿ ਜੇਕਰ ਪੰਜਾਬ ਪੁਲਿਸ ਦੇ ਐਂਟੀ ਡਰੋਨ ਸਿਸਟਮ ਟੀਮ ਵਿੱਚ ਹੀ ਕਾਲੀਆਂ ਬਿੱਲੀਆਂ ਬੈਠੀਆਂ ਹਨ ਤਾਂ ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਦੇ ਖ਼ਿਲਾਫ਼ ਭੂਮਿਕਾ ਦੇ ਕੀ ਮਾਇਨੇ ਹਨ ? ਦੂਜੇ ਪਾਸੇ ਪੰਜਾਬ ਸਰਕਾਰ ਲਈ ਇਹ ਬੇਸ਼ਰਮੀ ਦੀ ਹੱਦ ਹੈ ਕਿ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਨਸ਼ੇ ਦੀ ਖੇਪ ਸਮੇਤ ਗ੍ਰਿਫ਼ਤਾਰੀ ਨੂੰ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜਾਂ ‘ਤੇ ਬੜੇ ਮਾਣ ਨਾਲ ਨਸ਼ਰ ਕੀਤਾ ਜਾ ਰਿਹਾ ਹੈ ਜਦਕਿ ਇਸ ਕਾਂਸਟੇਬਲ ਨੂੰ ਫੜਿਆ ਬੀਐਸਐਫ ਦੀ ਟੀਮ ਨੇ ਹੈ। ਹੁਣ ਸਵਾਲ ਇਹ ਵੀ ਉੱਠੇ ਹਨ ਕਿ ਕੀ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ ਫੜੀ ਗਈ ਨਸ਼ੇ ਦੀ ਵੱਡੀ ਖੇਪ ਦੇ ਮਾਮਲੇ ‘ਚ ਸਬੰਧਤ ਜ਼ਿਲ੍ਹੇ ਦੇ ਐਸਐਸਪੀ ਤੋਂ ਲੈ ਕੇ ਹੋਰ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਹੋਵੇਗੀ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਉਹਨਾਂ ਅਫ਼ਸਰਾਂ ਨੂੰ ਬਚਾ ਲਿਆ ਜਾਵੇਗਾ, ਜਿਨਾਂ ਦੀ ਸਰਪ੍ਰਸਤੀ ਹੇਠ ਕਰਨਵੀਰ ਵਰਗੇ ਕਾਂਸਟੇਬਲ ਸਮੁੱਚੀ ਪੁਲਿਸ ਫੋਰਸ ‘ਤੇ ਕਾਲਖ਼ ਮਲ ਰਹੇ ਹਨ।

error: Content is protected !!