– OSD ਘੁੰਮਣ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਭਵਿੱਖ ਵੀ ਦਾਅ ‘ਤੇ
ਚੰਡੀਗੜ੍ਹ , 20 ਅਕਤੂਬਰ , Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੂਜੀ ਵਾਰ ਸੀਬੀਆਈ ਦੇ ਦਫ਼ਤਰ ਪੇਸ਼ ਹੋਏ। ਆਪਣੀ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਸੀਬੀਆਈ ਨੇ ਉਹਨਾਂ ਨੂੰ 50 ਸਵਾਲ ਪੁੱਛੇ ਜਿਨਾਂ ਦਾ ਜਵਾਬ ਦਿੱਤਾ ਗਿਆ। ਘੁੰਮਣ ਨੇ ਦੱਸਿਆ ਕਿ ਇਹਨਾਂ 50 ਸਵਾਲਾਂ ਵਿੱਚੋਂ ਕੁਝ ਸਵਾਲ ਨਵੇਂ ਸਨ ਅਤੇ ਕੁਝ ਪੁਰਾਣੇ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਘੁੰਮਣ ਇੱਕ ਵਾਰ ਸੀਬੀਆਈ ਅੱਗੇ ਪੇਸ਼ ਹੋ ਚੁੱਕੇ ਹਨ ਜਿਸ ਦੌਰਾਨ ਉਹਨਾਂ ਤੋਂ ਸੀਬੀਆਈ ਨੇ 40 ਸਵਾਲ ਪੁੱਛੇ ਸਨ। ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਵਿੱਚ ਕੁਰੱਪਸ਼ਨ ਨਾਲ ਜੁੜਿਆ ਹੋਇਆ ਜਿਸ ਸਬੰਧੀ ਸੀਬੀਆਈ ਪਹਿਲਾਂ ਹੀ ਐਫਆਈਆਰ ਦਰਜ ਕਰ ਚੁੱਕੀ ਹੈ। ਸੀਬੀਆਈ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਘੁੰਮਣ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਪ੍ਰੰਤੂ ਉਹ ਪੇਸ਼ ਨਹੀਂ ਹੋਇਆ ਸਗੋਂ ਉਸਨੇ ਅਦਾਲਤ ਦੀ ਸ਼ਰਨ ਲਈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਘੁੰਮਣ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਉਂਦੇ ਹੋਏ ਉਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦੇ ਹੁਕਮ ਦਿੱਤੇ ਸਨ। ਪੱਤਰਕਾਰਾਂ ਨੂੰ ਘੁੰਮਣ ਨੇ ਦੱਸਿਆ ਕਿ ਉਸ ਨੂੰ ਇੱਕ ਵਾਰ ਫੇਰ ਬੁਲਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਕੁਰੱਪਸ਼ਨ ਸਬੰਧੀ ਇਸ ਮਾਮਲੇ ਦੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਕੁਝ ਅਜਿਹੇ ਤੱਥ ਵੀ ਸਾਹਮਣੇ ਆ ਰਹੇ ਹਨ ਜਿਨਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਗਲੇ ਦੀ ਹੱਡੀ ਬਣ ਸਕਦਾ ਹੈ। ਸੂਤਰਾਂ ਅਨੁਸਾਰ ਸੀਬੀਆਈ ਕੋਲ ਕੁਝ ਅਜਿਹੇ ਪੁਖ਼ਤਾ ਸਬੂਤ ਹਨ ਜਿਨਾਂ ਤੋਂ ਸੀਬੀਆਈ ਦਫ਼ਤਰ ਵਿੱਚ ਕੁਰੱਪਸ਼ਨ ਦੇ ਮਾਮਲੇ ‘ਚ ਘੁੰਮਣ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਦੀ ਸਿੱਧੀ ਸ਼ਮੂਲੀਅਤ ਜ਼ਾਹਿਰ ਹੁੰਦੀ ਹੈ। ਜੇਕਰ ਸੀਬੀਆਈ ਤੱਥਾਂ ਅਤੇ ਪੁੱਛਗਿੱਛ ਦੇ ਅਧਾਰ ‘ਤੇ ਘੁੰਮਣ ਦੀ ਗ੍ਰਿਫ਼ਤਾਰੀ ਕਰਦੀ ਹੈ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਲਈ ਇੱਕ ਵੱਡਾ ਝਟਕਾ ਹੋਵੇਗਾ। ਰਾਜਵੀਰ ਸਿੰਘ ਘੁੰਮਣ ਦਾ ਭਵਿੱਖ ਸੀਬੀਆਈ ਵੱਲੋਂ ਪੁੱਛੇ ਜਾ ਰਹੇ 90 ਸਵਾਲਾਂ ਦੇ ਅਧਾਰ ‘ਤੇ ਟਿਕਿਆ ਹੋਇਆ ਹੈ। ਸੀਬੀਆਈ ਹੁਣ ਇਹਨਾਂ 90 ਸਵਾਲਾਂ ਦੇ ਜਵਾਬ ਨੂੰ ਘੋਖੇਗੀ ਅਤੇ ਘੁੰਮਣ ਦੇ ਮਾਮਲੇ ‘ਚ ਅੱਗੇ ਵਧੇਗੀ। ਇਸ ਮਾਮਲੇ ਤੇ ਲੋਕਾਂ ਦੀਆਂ ਨਜ਼ਰਾਂ ਜੁੜੀਆਂ ਹੋਈਆਂ ਹਨ ਕਿ ਕੀ ਘੁੰਮਣ ਸੀਬੀਆਈ ਦੇ ਸਵਾਲਾਂ ਦੀਆਂ ਘੁੰਮਣ ਘੇਰੀਆਂ ਚੋਂ ਨਿਕਲ ਸਕੇਗਾ।