Skip to main content

Gee 98News

…ਪਾਰਟੀਆਂ ‘ਤੇ ਨਹੀਂ, ਚਿਹਰਿਆਂ ‘ਤੇ ਅਟੈਕ ਕਰੋ…ਰਾਹੁਲ ਗਾਂਧੀ ਦਾ ਕਾਂਗਰਸੀ ਆਗੂਆਂ ਨੂੰ ਮੰਤਰ

– ਰਾਹੁਲ ਗਾਂਧੀ ਨੇ ਪਹਿਲੀ ਵਾਰ ਭਗਵੰਤ ਮਾਨ ‘ਤੇ ਕੀਤੇ ਸ਼ਬਦੀ ਹਮਲੇ

ਚੰਡੀਗੜ੍ਹ, 5 ਨਵੰਬਰ, Gee98 news service

ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ 4 ਨਵੰਬਰ ਨੂੰ ਸੰਗਰੂਰ ਵਿਖੇ ਇੱਕ ਸਫ਼ਲ ਰੈਲੀ ਕੀਤੀ। ਇਸ ਵਿਸ਼ਾਲ ਰੈਲੀ ਵਿੱਚ ਰਾਹੁਲ ਗਾਂਧੀ ਦਾ ਭਾਸ਼ਣ ਚਰਚਾ ਵਿੱਚ ਹੈ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਚੁੱਕਿਆ। ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਉਨਾਂ ਨੇ ਮੰਚ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਭਾਸ਼ਣ ਦਾ ਪਲਾਨ ਬਦਲ ਲਿਆ ਹੈ। ਰਾਹੁਲ ਗਾਂਧੀ ਦੇ ਭਾਸ਼ਣ ਦਾ ਸਭ ਤੋਂ ਅਹਿਮ ਪੱਖ, ਜੋ ਚਰਚਾ ਵਿੱਚ ਹੈ, ਕਿ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀ ਬਜਾਏ ਚਿਹਰਿਆਂ ‘ਤੇ ਅਟੈਕ ਕਰਨ ਦਾ ਮੰਤਰ ਦਿੱਤਾ। ਚੇਤੇ ਰਹੇ ਕਿ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਕੌਮੀ ਪੱਧਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ‘ਤੇ ਸਿਆਸੀ ਹਮਲੇ ਕਰ ਰਹੇ ਹਨ। ਰਾਹੁਲ ਗਾਂਧੀ ਵੱਲੋਂ ਮੋਦੀ ਅਤੇ ਅਮਿਤ ਸ਼ਾਹ ‘ਤੇ ਕੀਤੇ ਸਿਆਸੀ ਹਮਲਿਆਂ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਰਾਹੁਲ ਗਾਂਧੀ ਸਬੰਧੀ ਦਿੱਤੇ ਬਿਆਨ ਜ਼ਾਹਰ ਕਰਦੇ ਹਨ ਕਿ ਭਾਜਪਾ ਰਾਹੁਲ ਗਾਂਧੀ ਦੇ ਸ਼ਬਦੀ ਹਮਲਿਆਂ ਤੋਂ ਚਿੰਤਤ ਹੈ। ਸੰਗਰੂਰ ਰੈਲੀ ‘ਚ ਆਪਣੀ ਇਸੇ ਨੀਤੀ ਦਾ ਮੰਤਰ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਦਿੱਤਾ ਅਤੇ ਰਾਹੁਲ ਗਾਂਧੀ ਨੇ ਖੁਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਾਬੀ ਤੱਕ ਆਖ ਦਿੱਤਾ। ਰਾਹੁਲ ਗਾਂਧੀ ਨੇ ਆਖਿਆ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸ਼ਰਾਬ ਪੀਣ ਵਾਲੇ ਮੁੱਖ ਮੰਤਰੀ ਨੂੰ ਬਦਲਣਾ ਹੋਵੇਗਾ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਸਿੱਧੀ ਬਹਿਸ ਦੀ ਚੁਣੌਤੀ ਵੀ ਦਿੱਤੀ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਕਿਤੇ ਵੀ ਬਹਿਸ ਦੀ ਚੁਣੌਤੀ ਦੇ ਰਹੇ ਹਨ। ਰਾਹੁਲ ਗਾਂਧੀ ਦੀ ਇਸ ਰਾਜਨੀਤੀ ਨੂੰ ਚਿਹਰਿਆਂ ‘ਤੇ ਅਟੈਕ ਦੀ ਰਣਨੀਤੀ ਹੀ ਮੰਨਿਆ ਜਾ ਰਿਹਾ ਹੈ ਜਿਸ ਨਾਲ ਸਿੱਧੇ ਤੌਰ ‘ਤੇ ਕਿਸੇ ਵੀ ਆਗੂ ‘ਤੇ ਸਿਆਸੀ ਦਬਾਅ ਪੈਂਦਾ ਹੈ। ਸੰਗਰੂਰ ਰੈਲੀ ਦੌਰਾਨ ਜਿੱਥੇ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦੇ ਵੱਡੇ ਚਿਹਰਿਆਂ ‘ਤੇ ਸਿਆਸੀ ਹਮਲੇ ਕਰਨ ਦਾ ਮੰਤਰ ਦਿੱਤਾ ਉੱਥੇ ਖੁਦ ਰਾਹੁਲ ਗਾਂਧੀ ਨੇ ਮੰਚ ‘ਤੇ ਬੈਠੇ ਹੋਏ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨਾਲ ਨਿੱਜੀ ਤੌਰ ‘ਤੇ ਵੀ ਕੁਝ ਸਮਾਂ ਗੱਲਬਾਤ ਕੀਤੀ ਜਿਸ ਨਾਲ ਮੰਚ ‘ਤੇ ਬੈਠੇ ਬਾਕੀ ਆਗੂਆਂ ਤੇ ਪੰਡਾਲ ‘ਚ ਬੈਠੇ ਕਾਂਗਰਸੀ ਵਰਕਰਾਂ ਨੂੰ ਕੁਝ ਸੰਕੇਤ ਜ਼ਰੂਰ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਹੁਲਾਰਾ ਦੇਵੇਗੀ ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ‘ਚ ਵੇਖੇ ਜਾ ਸਕਦੇ ਹਨ।

Gee98 Ads
error: Content is protected !!