Skip to main content

Gee 98News

ED ਦੇ ਪ੍ਰੈਸ ਨੋਟ ਨੇ ਬੀਬੀ ਅਰੋੜਾ ਦੇ ਦੀਵਾਲੀ ਦੇ ਪਟਾਕੇ ਕੀਤੇ ਠੁੱਸ… ਰਿਸ਼ਤੇਦਾਰਾਂ ਦੇ ਨਾਮ ‘ਤੇ ਜਾਇਦਾਦ ਖਰੀਦਣ ਦੇ ਖੁਲਾਸੇ

ਚੰਡੀਗੜ੍ਹ, 7 ਨਵੰਬਰ, Gee98 news service-

-ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਕਈ ਟਿਕਾਣਿਆਂ ‘ਤੇ ਈਡੀ ਵੱਲੋਂ ਕੀਤੀ ਰੇਡ ਸਬੰਧੀ ਜਾਰੀ ਕੀਤੇ ਪ੍ਰੈਸ ਨੋਟ ਨੇ ਬੀਬੀ ਅਰੋੜਾ ਦੀ ਦਿਵਾਲੀ ਦੇ ਪਟਾਕੇ ਠੁੱਸ ਕਰ ਦਿੱਤੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਬੀਬੀ ਅਰੋੜਾ ਦੇ ਟਿਕਾਣਿਆਂ ‘ਤੇ ਈਡੀ ਵੱਲੋਂ ਕਈ ਘੰਟੇ ਲਗਾਤਾਰ ਰੇਡ ਕੀਤੀ ਗਈ ਸੀ। ਇਹ ਰੇਡ ਖ਼ਤਮ ਹੋਣ ਤੋਂ ਬਾਅਦ ਬੀਬੀ ਅਰੋੜਾ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਦਾਅਵਾ ਕੀਤਾ ਸੀ ਕਿ ਈਡੀ ਨੂੰ ਬੀਬੀ ਅਰੋੜਾ ਦੇ ਘਰੋਂ ਅਤੇ ਹੋਰ ਟਿਕਾਣਿਆਂ ਤੋਂ ਕੁਝ ਵੀ ਨਹੀਂ ਮਿਲਿਆ। ਬੀਬੀ ਅਰੋੜਾ ਨੇ ਇਹ ਵੀ ਦੋਸ਼ ਲਗਾਏ ਸਨ ਕਿ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਦਬਾਅ ਬਣਾਇਆ ਗਿਆ ਸੀ। ਹੁਣ ਈਡੀ ਵੱਲੋਂ ਜਾਰੀ ਪ੍ਰੈਸ ਨੋਟ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਅਤੇ ਬੀਬੀ ਅਰੋੜਾ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਰੇਡ ਦੌਰਾਨ ਈਡੀ ਵੱਲੋਂ ਡਾਕਟਰ ਅਮਨਦੀਪ ਕੌਰ ਅਰੋੜਾ ਨਾਲ ਸੰਬੰਧਿਤ ਕਈ ਜਾਇਦਾਦਾਂ ਦੀ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਈਡੀ ਨੇ ਵਿਧਾਇਕਾ ਸਬੰਧੀ ਦੋਸ਼ਪੱਤਰ ਜਾਰੀ ਕੀਤਾ ਹੈ ਕਿ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਇਨ੍ਹਾਂ ਜ਼ਮੀਨਾਂ, ਜਿਨ੍ਹਾਂ ਵਿੱਚ ਸਰਕਾਰੀ ਜ਼ਮੀਨ ਵੀ ਸ਼ਾਮਲ ਹੈ, ਨੂੰ ਵਿਧਾਇਕਾ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਦੇ ਨਾਂਅ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਦਾ ਮੁਆਵਜ਼ਾ ਗਲਤ ਤਰੀਕੇ ਨਾਲ਼ ਲਿਆ ਗਿਆ। ਫਿਰ ਇਹ ਪੈਸਾ ਕਿਸੇ ਦਿਲਕੁਸ਼ ਕੁਮਾਰੀ ਦੇ ਖਾਤੇ ਵਿੱਚ ਪਾ ਕੇ ਵਿਧਾਇਕਾ, ਉਨ੍ਹਾਂ ਦੇ ਪਤੀ ਅਤੇ ਹੋਰਨਾਂ ਨੇ ਰਕਮ ਦੂਜੇ ਥਾਂ ਭੇਜ ਕੇ ਇਸ ਗੜਬੜ ‘ਚ ਰੋਲ ਅਦਾ ਕੀਤਾ। ਇੱਕ ਰਿਹਾਇਸ਼ੀ ਜਾਇਦਾਦ ਦੀ ਖਰੀਦ ਵਿੱਚ ਵੱਡੀ ਪੱਧਰ ‘ਤੇ ਨਕਦ ਲੈਣ-ਦੇਣ ਕੀਤੇ ਜਾਣ ਦਾ ਸ਼ੱਕ ਹੈ। ਸੂਤਰਾਂ ਅਨੁਸਾਰ ਈਡੀ ਵੱਲੋਂ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਜਾਇਦਾਦ ਸਬੰਧੀ ਦਸਤਾਵੇਜਾਂ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੋਰ ਸੱਪ ਨਿਕਲਣ ਦੇ ਵੀ ਆਸਾਰ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਮੋਗਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਉਮੀਦਵਾਰ ਐਲਾਨ ਦਿੱਤਾ ਹੈ ਪ੍ਰੰਤੂ ਹੁਣ ਈਡੀ ਦੀ ਰੇਡ ਤੋਂ ਬਾਅਦ ਸਾਹਮਣੇ ਆ ਰਹੇ ਖੁਲਾਸਿਆਂ ਨੇ ਬੀਬੀ ਅਰੋੜਾ ਦੀਆਂ ਸੇਵੀਆਂ ‘ਚ ਲੂਣ ਭੁੱਕਣ ਦਾ ਕੰਮ ਕੀਤਾ ਹੈ।

error: Content is protected !!