Skip to main content

Gee 98News

ਬਰੌਡਵੇ ਸਕੂਲ ਮਨਾਲ ‘ਚ ਵਾਪਰੀ ਵੱਡੀ ਘਟਨਾ ਦਾ ਮਾਮਲਾ…DEO ਵੱਲੋਂ ਜਾਂਚ ਕਮੇਟੀ ਦਾ ਗਠਨ…ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪੁੱਜੀ

ਬਰਨਾਲਾ, 6 ਨਵੰਬਰ ( Gee98 news service)-

ਬਰਨਾਲਾ ਜ਼ਿਲ੍ਹੇ ਦੇ ਨਾਮਵਰ ਸਕੂਲ ਬਰੌਡਵੇ ਪਬਲਿਕ ਸਕੂਲ ਮਨਾਲ ਦੇ ਇੱਕ ਅਧਿਆਪਕ ਵੱਲੋਂ ਪਿਛਲੇ ਦਿਨੀਂ ਸਕੂਲ ਕੰਪਲੈਕਸ ਦੇ ਅੰਦਰ ਹੀ ਜ਼ਹਿਰੀਲੀ ਨਾਲ ਆਤਮਹੱਤਿਆ ਕਰਨ ਦੇ ਯਤਨ ਦਾ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ਪੁੱਜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਪੀੜਿਤ ਅਧਿਆਪਕ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੌਰਵ ਯਾਦਵ, ਐਸਐਸਪੀ ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਨੂੰ ਵੀ ਲਿਖ਼ਤੀ ਤੌਰ ‘ਤੇ ਦਰਖ਼ਾਸਤਾਂ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਆਪਣੇ ਵੱਲੋਂ ਉਕਤ ਅਧਿਕਾਰੀਆਂ ਨੂੰ ਲਿਖੀਆਂ ਦਰਖਾਸਤਾਂ ਦੀ ਪੁਸ਼ਟੀ ਕਰਦੇ ਹੋਏ ਪੀੜਿਤ ਅਧਿਆਪਕ ਮੰਗਲ ਸੈਨ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ‘ਚ ਇਨਸਾਫ ਨਹੀਂ ਮਿਲਿਆ ਇਸ ਲਈ ਉਹਨਾਂ ਨੇ ਇਹ ਮੁੱਦਾ ਉੱਚ ਅਧਿਕਾਰੀਆਂ ਕੋਲ ਚੁੱਕਿਆ ਹੈ। ਉਹਨਾਂ ਕਿਹਾ ਕਿ 23-24 ਦਿਨ ਬੀਤਣ ਦੇ ਬਾਵਜੂਦ ਵੀ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਅਧਿਆਪਕ ਨੇ ਕਿਹਾ ਕਿ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪਤਨੀ, ਜਿਹੜੀ ਕਿ ਉਸੇ ਸਕੂਲ ਵਿੱਚ ਅਧਿਆਪਕ ਹੈ, ਨੂੰ ਵੀ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ‌ਪੀੜਤ ਅਧਿਆਪਕ ਨੇ ਸਕੂਲ ਪ੍ਰਸ਼ਾਸਨ ‘ਤੇ ਇਹ ਗੰਭੀਰ ਦੋਸ਼ ਵੀ ਲਗਾਏ ਕਿ ਸਕੂਲ ਪ੍ਰਸ਼ਾਸਨ ਵੱਲੋਂ ਤੰਗ ਕੀਤੇ ਜਾਣ ਕਰਕੇ 14 ਅਕਤੂਬਰ ਨੂੰ ਜਦੋਂ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਖਤਰਨਾਕ ਕਦਮ ਚੁੱਕਿਆ ਗਿਆ ਤਾਂ ਸਕੂਲ ਪ੍ਰਸ਼ਾਸਨ ਵੱਲੋਂ ਉਸੇ ਸਕੂਲ ਵਿੱਚ ਹਾਜ਼ਰ ਉਹਨਾਂ ਦੀ ਪਤਨੀ ਨੂੰ ਦੋ ਢਾਈ ਘੰਟੇ ਤੱਕ ਇਸ ਘਟਨਾ ਦੀ ਜਾਣਕਾਰੀ ਤੱਕ ਨਹੀਂ ਦਿੱਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਪੀੜਿਤ ਅਧਿਆਪਕ ਨੇ ਪੁਲਿਸ ਨੂੰ ਲਿਖਾਏ ਆਪਣੇ ਬਿਆਨਾਂ ਵਿੱਚ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਦੋ ਹੋਰ ਕਲੈਰੀਕਲ ਕਰਮਚਾਰੀਆਂ ਦਾ ਨਾਮ ਲਿਖਾ ਕੇ ਗੰਭੀਰ ਦੋਸ਼ ਲਗਾਏ ਹਨ ਇਸ ਦੇ ਬਾਵਜੂਦ ਵੀ ਪੁਲਿਸ ਨੇ ਪੀੜਤ ਅਧਿਆਪਕ ਦੇ ਬਿਆਨ ਲਿਖਣ ਤੋਂ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲੇ ਦੀ ਇੱਕ ਵੱਡੀ ਵਿਦਿਅਕ ਸੰਸਥਾ ਦੇ ਅੰਦਰ ਵਾਪਰੀ ਇਸ ਵੱਡੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਸੇ ਸਕੂਲ ਦੇ ਵਿੱਚ ਬਤੌਰ ਅਧਿਆਪਕ ਸੇਵਾ ਕਰਨ ਵਾਲੇ ਸਾਬਕਾ ਮੁਲਾਜ਼ਮਾਂ ਵੱਲੋਂ ਵੀ ਸਕੂਲ ਦੇ ਅੰਦਰਲੇ ਹਾਲਾਤਾਂ ਸਬੰਧੀ ਹੈਰਾਨੀਜਨਕ ਖੁਲਾਸੇ ਕੀਤੇ ਜਾ ਰਹੇ ਹਨ।
-ਕੀ ਕਹਿਣਾ ਇਹ ਐਸਐਚਓ ਠੁੱਲੀਵਾਲ ਦਾ
ਇਸ ਮਾਮਲੇ ਸਬੰਧੀ ਜਦੋਂ ਥਾਣਾ ਠੁੱਲੀਵਾਲ ਦੇ ਐਸਐਚਓ ਅਜੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਅਜੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ‌ ਜਦੋਂ ਪੱਤਰਕਾਰਾਂ ਨੇ ਐਸਐਚਓ ਨੂੰ ਪੜ੍ਹਤਾਲ ਲੰਮੀ ਹੋਣ ਦਾ ਸਵਾਲ ਕੀਤਾ ਤਾਂ ਅੱਗੋਂ ਐਸਐਚਓ ਨੇ ਬੇਝਿਜਕ ਆਖ ਦਿੱਤਾ ਕਿ “ਸਕੂਲ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ, ਐਵੇਂ ਇਨੀ ਜਲਦੀ ਕਿਸੇ ‘ਤੇ ਕਾਰਵਾਈ ਕਿਵੇਂ ਕਰ ਦੇਈਏ। ‌ ਐਸਐਚਓ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਜਵਾਬ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਸਕੂਲ ਕੰਪਲੈਕਸ ਅੰਦਰ ਆਤਮ ਹੱਤਿਆ ਦਾ ਯਤਨ ਕਰਨ ਵਰਗੇ ਗੰਭੀਰ ਮਾਮਲੇ ਨੂੰ ਵੀ ਪੁਲਿਸ ਇਸੇ ਕਰਕੇ ਹੀ ਠੰਡੇ ਬਸਤੇ ਵਿੱਚ ਪਾ ਕੇ ਬੈਠੀ ਹੈ ਕਿਉਂਕਿ ਦੂਜੇ ਪਾਸੇ ਇੱਕ ਵੱਡੀ ਸੰਸਥਾ ਹੈ। ਸਵਾਲ ਇਹ ਵੀ ਖੜੇ ਹੁੰਦੇ ਹਨ ਕਿ ਜੇਕਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਕੋਈ ਵੱਡੀ ਸੰਸਥਾ ਜਾਂ ਵੱਡਾ ਵਿਅਕਤੀ ਹੋਵੇ ਤਾਂ ਕੀ ਇਨਸਾਫ ਦੇ ਮਾਇਨੇ ਬਦਲ ਜਾਂਦੇ ਹਨ ?
-ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ
ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਨੀਤਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇੱਕ ਵਿਦਿਅਕ ਸੰਸਥਾ ਦੇ ਅੰਦਰ ਅਧਿਆਪਕ ਵੱਲੋਂ ਆਤਮਹੱਤਿਆ ਕੀਤੇ ਜਾਣ ਦੀ ਕੋਸ਼ਿਸ਼ ਦੇ ਦੋਸ਼ ਗੰਭੀਰ ਹਨ। ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਬਰੌਡਵੇ ਪਬਲਿਕ ਸਕੂਲ ਮਨਾਲ ਨਾਲ ਸੰਬੰਧਿਤ ਇਸ ਮਾਮਲੇ ਦੀ ਪੜ੍ਹਤਾਲ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਪੜ੍ਹਤਾਲ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

error: Content is protected !!