ਬਰਨਾਲਾ 11 ਜਨਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਲਿਮਟਿਡ ਪੰਜਾਬ ਵੱਲੋਂ ਪੀਐਮਐਫਐਮਈ ਸਕੀਮ ਤਹਿਤ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਛੋਟੇ ਉਦਮੀਆਂ ਅਤੇ ਸਵੈ ਸਹਾਇਤਾ ਗਰੁੱਪਾਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜਨਰਲ ਮੈਨੇਜਰ ਪੰਜਾਬ ਐਗਰੋ ਸ੍ਰੀ ਰਾਜੇਸ਼ ਤੁਲੀ ਨੇ ਫੂਡ ਪ੍ਰੋਸੈਸਿੰਗ ਯੂਨਿਟਾਂ ਵਾਸਤੇ ਅਤੇ ਉਤਪਾਦ ਦੀ ਮਾਰਕੀਟਿੰਗ ਵਾਸਤੇ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੀ ਪ੍ਰੋਸੈਸਿੰਗ ’ਤੇ 35 ਫੀਸਦੀ ਤੱਕ ਦੀ ਸਬਸਿਡੀ ਅਤੇ ਮਾਰਕੀਟਿੰਗ ਆਦਿ ’ਤੇ 50 ਫੀਸਦੀ ਤੱਕ ਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਅਧੀਨ ਸਰਕਾਰ ਵੱਲੋਂ ਸਵੈ ਰੋਜ਼ਗਾਰ ਸਥਾਪਿਤ ਕਰਨ ਬਾਰੇ ਦੱਸਿਆ ਗਿਆ। ਮੈਨੂਫੈਕਚਰਿੰਗ ਯੂਨਿਟ ਲਈ 50 ਲੱਖ ਰੁਪਏ ਤੱਕ ਦਾ ਕਰਜ਼ਾ ਅਤੇ ਰਿਪੇਅਰ ਜਾਂ ਸਰਵਿਸ ਲਈ 20 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰੀ ’ਚ 15 ਜਾਂ 25 ਫੀਸਦੀ ਅਤੇ ਪੇਂਡੂ ਖੇਤਰ ’ਚ 25 ਤੋਂ 35 ਫੀਸਦੀ ਤੱਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹਰ ਜ਼ਿਲ੍ਹੇ ’ਚ ਰਿਸੋਰਸ ਪਰਸਨ ਹਨ, ਜਿਨ੍ਹਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੀਐਮ ਡੀਆਈਸੀ ਰਾਹੀਂ ਪੰਜਾਬ ਐਗਰੋ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਇਸ ਮੌਕੇ ਲੀਡ ਬੈਂਕ ਮੈਨੇਰਜ ਮਹਿੰਦਰਪਾਲ ਗਰਗ, ਡਿਪਟੀ ਡਾਇਰੈਕਟਰ ਬਾਗਬਾਨੀ ਮਲਕੀਤ ਸਿੰਘ ਤੋਂ ਇਲਾਵਾ ਵੱਖ ਵੱਖ ਅਧਿਕਾਰੀ, ਬੈਂਕਿੰਗ ਸਟਾਫ, ਸਵੈ ਸਹਾਇਤਾ ਗਰੁੱਪ, ਕਿਸਾਨ ਔਰਤਾਂ ਤੇ ਛੋਟੇ ਉਦਮੀ ਹਾਜ਼ਰ ਸਨ।









