Skip to main content

Gee 98News

ਸੱਤਾ ਦਾ ਨਸ਼ਾ ‘ਆਪ’ ਆਗੂਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ-ਸਿਬੀਆ

-ਹਲਕਾ ਭਦੌੜ ਦੇ ਵਿਧਾਇਕ ਦੇ ਦੁਰਵਿਹਾਰ ਦੀ ਕੀਤੀ ਨਿੰਦਾ

ਬਰਨਾਲਾ 30 ਜਨਵਰੀ (ਨਿਰਮਲ ਸਿੰਘ ਪੰਡੋਰੀ)-

ਸੱਤਾ ਦਾ ਨਸ਼ਾ ਜਦੋਂ ਕਿਸੇ ਸੱਤਾਧਾਰੀ ਨੇਤਾ ਦੇ ਸਿਰ ਨੂੰ ਚੜ੍ਹ ਜਾਵੇ ਤਾਂ ਉਹ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਾਂਗ ਆਮ ਲੋਕਾਂ ਨਾਲ ਬਦਜ਼ੁਬਾਨੀ ਅਤੇ ਬਦਤਮੀਜ਼ੀ ਕਰਨ ਲੱਗਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਰਕਰਾਂ ਨਾਲ ਹਮੇਸ਼ਾਂ ਚਟਾਨ ਵਾਂਗ ਖੜ੍ਹਨ ਵਾਲੇ ਲੀਡਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਨੇ ਗੱਲਬਾਤ ਕਰਦਿਆਂ ਕੀਤਾ। ਸ. ਸਿਬੀਆ ਬਰਨਾਲਾ ਜ਼ਿਲ੍ਹੇ ਦੇ ਵੱਡੇ ਪਿੰਡ ਸ਼ਹਿਣਾ ਦੇ ਮਹਿਲਾ ਸਰਪੰਚ ਦੇ ਬੇਟੇ ਸੁਖਵਿੰਦਰ ਸਿੰਘ ਕਲਕੱਤਾ ਦੀ ਹਮਾਇਤ ‘ਤੇ ਪੁੱਜੇ ਸਨ ਜਿਸ ਨੂੰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਲਫੇੜੇ ਮਾਰ ਮਾਰ ਸਲਾਖਾਂ ਪਿੱਛੇ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਸਰਦਾਰ ਸਿਬੀਆ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ “ਲੋਕ ਹੀ ਹਨ ਜੋ ਕਿਸੇ ਵੀ ਨੇਤਾ ਨੂੰ ਫਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੰਦੇ ਹਨ ਅਤੇ ਜੇਕਰ ਕੋਈ ਨੇਤਾ ਆਮ ਲੋਕਾਂ ਦੀ ਤਾਕਤ ਨਾਲ ਕੋਈ ਚੰਗਾ ਰੁਤਬਾ ਹਾਸਲ ਕਰ ਲਵੇ ਪ੍ਰੰਤੂ ਫਿਰ ਲੋਕਾਂ ਨੂੰ ਭੁੱਲ ਜਾਵੇ ਤਾਂ ਇਹ ਲੋਕ ਹੀ ਅਜਿਹੇ ਨੇਤਾਵਾਂ ਨੂੰ ਅਰਸ਼ ਤੋਂ ਫਰਸ਼ ‘ਤੇ ਪਹੁੰਚਾ ਦਿੰਦੇ ਹਨ” । ਉਨ੍ਹਾਂ ਕਿਹਾ ਕਿ ਇੱਕ ਚੁਣੇ ਹੋਏ ਵਿਧਾਇਕ ਨੂੰ ਆਮ ਨਾਗਰਿਕ ਨਾਲ ਵੀ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਜਦ ਕਿ ਸੁਖਵਿੰਦਰ ਸਿੰਘ ਕਲਕੱਤਾ ਇਕ ਵੱਡੇ ਪਿੰਡ ਦੀ ਮਹਿਲਾ ਸਰਪੰਚ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਵੱਢੀ ਤਦਾਦ ਵਿੱਚ ਹਮਾਇਤ ਦੇ ਕੇ ਪਿੰਡ ਦਾ ਸਰਪੰਚ ਚੁਣਿਆ ਹੈ । ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਲਈ ਮਕਾਨ ਉੱਪਰ ਟਿੱਪਣੀ ਕਰਦੇ ਹੋਏ ਸਿਬੀਆ ਨੇ ਕਿਹਾ ਕਿ ਸੈਂਕੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਬੰਦ ਕਰਦੇ ਉੱਥੋਂ ਦੇ ਸਟਾਫ ਨੂੰ ਡੈਪੂਟੇਸ਼ਨ ‘ਤੇ ਇਹਨਾਂ ਕਲੀਨਿਕਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਪਹਿਲਾਂ ਤੋਂ ਵਰਤੋਂ ਵਿੱਚ ਆ ਰਹੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਕੇ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡ ਲਗਾ ਦਿੱਤੇ ਗਏ ਹਨ । ਸਿਬੀਆ ਨੇ ਦਾਅਵਾ ਕੀਤਾ ਕਿ ਕੁੱਝ ਦਿਨਾਂ ਤੱਕ ਹੀ ਇਨ੍ਹਾਂ ਆਮ ਆਦਮੀ ਕਲੀਨਕਾਂ ਦੀ ਹਕੀਕਤ ਸਾਹਮਣੇ ਆ ਜਾਵੇਗੀ, ਕਿਉਂਕਿ ਇਹਨਾਂ ਵਿੱਚ ਜਬਰਦਸਤੀ ਡੈਪੂਟੇਸ਼ਨ ‘ਤੇ ਭੇਜੇ ਜਾ ਰਹੇ ਸਿਹਤ ਵਿਭਾਗ ਦੇ ਸਟਾਫ਼ ਨੇ ਪਹਿਲਾਂ ਹੀ ਵਿਰੋਧ ਕੀਤਾ ਹੋਇਆ ਹੈ। ਸੁਰਿੰਦਰਪਾਲ ਸਿੰਘ ਸਿਬੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੌਜੂਦਾ ਹਾਲਾਤਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਵਿਕਾਸ ਕੰਮਾਂ ਦੀ ਕਿਸ਼ਤੀ ‘ਤੇ ਸਵਾਰ ਹੋ ਕੇ ਸ਼ੁਹਰਤ ਦਾ ਦਰਿਆ ਪਾਰ ਕਰਨਾ ਚਾਹੁੰਦੀ ਹੈ ਜਦ ਕਿ ਹਕੀਕਤ ਇਹ ਹੈ ਕਿ ਸਰਕਾਰ ਕੋਲ ਚੱਪੂ ਵੀ ਆਪਣੇ ਨਹੀਂ ਹਨ । ਇਸ ਮੌਕੇ ਬਰਨਾਲਾ ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸਾਬਕਾ ਐਮ ਸੀ ਜਸਵਿੰਦਰ ਸਿੰਘ ਟਿਲੂ, ਪਰਮਿੰਦਰ ਸਿੰਘ ਸ਼ੰਮੀ ਆਦਿ ਆਗੂ ਵੀ ਹਾਜਰ ਸਨ।

Gee98 Ads
error: Content is protected !!