Gee 98News

ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਨੇ ਸਰਕਾਰੀ ਬੱਸਾਂ ਦਾ ਕੱਢ ਦਿੱਤਾ ਧੂੰਆਂ

-ਸਰਕਾਰ ਦੀ ਸਥਿਤੀ ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲੀ ਬਣੀ

-ਸਰਕਾਰੀ ਬੱਸਾਂ ਨੂੰ ਕਿਸੇ ਵੇਲੇ ਵੀ ਲੱਗ ਸਕਦੀਆਂ ਹਨ ਅਚਨਚੇਤ ਬਰੇਕਾਂ

ਬਰਨਾਲਾ 22 ਫਰਵਰੀ (ਨਿਰਮਲ ਸਿੰਘ ਪੰਡੋਰੀ)-ਪੰਜਾਬ ‘ਚ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਨੇ ਸਰਕਾਰੀ ਲਾਰੀਆਂ ਦਾ ਧੂੰਆਂ ਕੱਢ ਦਿੱਤਾ ਹੈ। ਸੂਬਾ ਸਰਕਾਰ ਨੇ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਆਧਾਰ ਕਾਰਡ ਦੇ ਆਧਾਰ ‘ਤੇ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ। ਆਧਾਰ ਕਾਰਡ ਵਾਲੀਆਂ ਸਵਾਰੀਆਂ ਦੀਆਂ ਟਿਕਟਾਂ ਦਾ ਪੈਸਾ ਸਰਕਾਰ ਨੇ ਪੀਆਰਟੀਸੀ, ਰੋਡਵੇਜ਼ ਨੂੰ ਦੇਣਾ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੀਆਰਟੀਸੀ, ਰੋਡਵੇਜ਼ ਡਿਪੂਆਂ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੋ ਗਈ ਹੈ। ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕਈ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਹੈ। ਸਰਕਾਰੀ ਬੱਸਾਂ ਨੂੰ ਪ੍ਰਾਈਵੇਟ ਪੰਪਾਂ ਤੋਂ ਡੀਜ਼ਲ ਲੈਣਾ ਪੈ ਰਿਹਾ ਹੈ ਕਿਉਂਕਿ ਡਿਪੂਆਂ ਅੰਦਰ ਲੱਗੇ ਪੰਪ ਖਾਲੀ ਹੋ ਚੁੱਕੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ‘ਚ ਸਰਕਾਰੀ ਬੱਸਾਂ ਨੂੰ ਕਿਸੇ ਵੇਲੇ ਵੀ ਬਰੇਕਾਂ ਲੱਗ ਸਕਦੀਆਂ ਹਨ। ਜੇਕਰ ਸਰਕਾਰ ਨੇ ਕੁਝ ਕੁ ਦਿਨਾਂ ਤੱਕ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਜਾਰੀ ਨਾ ਕੀਤੀ ਤਾਂ ਮੁਲਾਜ਼ਮ ਜਥੇਬੰਦੀਆਂ ਗੁਪਤ ਐਕਸ਼ਨ ਲੈਣ ਦੀ ਤਿਆਰੀ ਕਰ ਰਹੀਆਂ ਹਨ, ਜਿਵੇਂ ਸੂਬੇ ਦੀਆਂ ਸਰਕਾਰੀ ਬੱਸਾਂ ਨੂੰ ਅਚਾਨਕ ਅਣਮਿਥੇ ਸਮੇਂ ਲਈ ਬ੍ਰੇਕਾਂ ਲਾ ਦਿੱਤੀਆਂ ਜਾਣਗੀਆਂ ਭਾਵ ਕਿ ਇਸ ਵਾਰ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਹੜਤਾਲ ਦਾ ਕੋਈ ਅਲਟੀਮੇਟਮ ਨਹੀ ਦਿੱਤਾ ਜਾਵੇਗਾ। ਜੀ98 ਨਿਊਜ਼ ਸਰਵਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਜਿਹੜੀ ਬੱਸ ਲੁਧਿਆਣਾ ਤੋਂ ਬਠਿੰਡਾ ਲਈ ਚੱਲੇਗੀ ਉਹ ਬਰਨਾਲਾ ਆ ਕੇ ਰੁਕ ਜਾਵੇਗੀ ਅਤੇ ਬਠਿੰਡੇ ਤੱਕ ਨਹੀਂ ਜਾਵੇਗੀ। ਪੀਆਰਟੀਸੀ ਦੇ ਮੁਲਾਜ਼ਮਾਂ ਦੇ ਇਸ ਐਕਸ਼ਨ ਦੀ ਭਿਣਕ ਸਰਕਾਰ ਨੂੰ ਵੀ ਲੱਗ ਚੁੱਕੀ ਹੈ। ਵੇਖਣਯੋਗ ਹੋਵੇਗਾ ਕਿ ਸਰਕਾਰ ਪੀਆਰਟੀਸੀ, ਰੋਡਵੇਜ਼ ਮੁਲਾਜ਼ਮਾਂ ਵੱਲੋਂ ਕੀਤੇ ਕਿਸੇ ਗੁਪਤ ਐਕਸ਼ਨ ਕਾਰਨ ਪੈਦਾ ਹੋਈ ਸਥਿਤੀ ਨਾਲ ਕਿਵੇਂ ਨਜਿੱਠਦੀ ਹੈ ਕਿਉਂਕਿ ਇਸ ਵਾਰ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਤਨਖਾਹਾਂ ਸਮੇਂ ਸਿਰ ਲੈਣ ਲਈ ਆਰ-ਪਾਰ ਦੀ ਲੜਾਈ ਲੜਨਗੇ। ਮੁਫ਼ਤ ਸਫ਼ਰ ਦੀ ਸਹੂਲਤ ਨੇ ਸਰਕਾਰ ਦੀ ਸਥਿਤੀ “ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ” ਵਾਲੀ ਕੀਤੀ ਹੋਈ ਹੈ। ਜੇਕਰ ਆਧਾਰ ਕਾਰਡ ‘ਤੇ ਮੁਫ਼ਤ ਸਫ਼ਰ ਦੀ ਸਹੂਲਤ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਮਹਿਲਾਵਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਦੂਜੇ ਪਾਸੇ ਪੀਆਰਟੀਸੀ ਅਤੇ ਰੋਡਵੇਜ਼ ਦੇ ਮੁਲਾਜ਼ਮਾਂ ਦੀ ਨਰਾਜ਼ਗੀ ਤੋਂ ਵੀ ਸਰਕਾਰ ਪੂਰੀ ਤਰਾਂ ਵਾਕਿਫ਼ ਹੈ।

Gee98 Ads
error: Content is protected !!