Skip to main content

Gee 98News

700 ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਣ ਵਾਲੇ ਏਜੰਟ ਮਿਸ਼ਰਾ ਸੰਬੰਧੀ ਵੱਡੇ ਖੁਲਾਸੇ

–ਕਿਹੜੇ ਨੇਤਾ ਜਾਂ ਅਫ਼ਸਰ ਦਾ ਆਸ਼ੀਰਵਾਦ ਸੀ ਮਿਸ਼ਰਾ ਨੂੰ…?
ਚੰਡੀਗੜ੍ਹ, 30 ਜੂਨ -700 ਵਿਦਿਆਰਥੀਆਂ ਨੂੰ ਕੈਨੇਡਾ ਜਾਅਲੀ ਦਸਤਾਵੇਜ਼ਾਂ ‘ਤੇ ਭੇਜਣ ਵਾਲੇ ਏਜੰਟ ਬ੍ਰਜੇਸ਼ ਮਿਸ਼ਰਾ ਦੀ ਕੈਨੇਡਾ ਵਿੱਚ ਗ੍ਰਿਫਤਾਰੀ ਤੋਂ ਬਾਅਦ ਨਵੇਂ ਖੁਲਾਸੇ ਹੋ ਰਹੇ ਹਨ । ਪੰਜਾਬ ‘ਚ 2021 ਤੋਂ ਲੈ ਕੇ 2023 ਤਕ ਲੱਗਭੱਗ 12 ਸ਼ਿਕਾਇਤਾਂ ਮਿਸ਼ਰਾ ਦੇ ਖ਼ਿਲਾਫ਼ ਪੁਲਿਸ ਨੂੰ ਮਿਲੀਆਂ ਪ੍ਰੰਤੂ ਇਹਨਾਂ ਉੱਪਰ ਸਮੇਂ ਸਿਰ ਕਾਰਵਾਈ ਨਹੀਂ ਹੋਈ, ਜੇਕਰ ਪੰਜਾਬ ਪੁਲਿਸ ਮਿਸ਼ਰਾ ਖਿਲਾਫ ਮਿਲੀਆਂ ਸ਼ਿਕਾਇਤਾਂ ‘ਤੇ ਸਮੇਂ ਸਿਰ ਯੋਗ ਕਾਰਵਾਈ ਕਰਦੀ ਤਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਉਸ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ । ਜਾਣਕਾਰੀ ਅਨੁਸਾਰ 12 ਸ਼ਿਕਾਇਤਾਂ ਵਿਚੋਂ ਸਿਰਫ 6 ਸ਼ਿਕਾਇਤਾਂ ਸਬੰਧੀ ਮਿਸ਼ਰਾ ਦੇ ਉਪਰ ਮਾਮਲੇ ਦਰਜ ਕੀਤੇ ਗਏ । ਬਰਜੇਸ਼ ਮਿਸ਼ਰਾ ਖ਼ਿਲਾਫ਼ ਆਈਆਂ ਸ਼ਿਕਾਇਤਾਂ ਦੇ ਮਾਮਲੇ ‘ਚ ਉਸ ਨੂੰ ਸਮਝੌਤਾ ਕਰਨ ਦਾ ਮੌਕਾ ਵੀ ਦਿੱਤਾ ਗਿਆ ਜਿਸ ਦੌਰਾਨ 5 ਸ਼ਿਕਾਇਤਾਂ ਸਬੰਧੀ ਸਮਝੌਤਾ ਵੀ ਹੋਇਆ । ਸਵਾਲ ਉਠਦੇ ਹਨ ਕਿ ਆਖਰ ਪੰਜਾਬ ਸਰਕਾਰ ਵਿੱਚ ਕਿਹੜੇ ਵੱਡੇ ਨੇਤਾ ਜਾਂ ਪੰਜਾਬ ਪੁਲਿਸ ਵਿੱਚ ਕਿਹੜੇ ਵੱਡੇ ਅਫ਼ਸਰ ਦਾ ਮਿਸ਼ਰਾ ਨੂੰ ਅਸੀਰਵਾਦ ਪ੍ਰਾਪਤ ਸੀ ਕਿ ਉਸਦੇ ਖਿਲਾਫ਼ ਠੋਸ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ 700 ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜ ਕੇ ਵੱਡੀ ਠੱਗੀ ਮਾਰਨ ਵਿਚ ਕਾਮਯਾਬ ਹੋਇਆ । ਜ਼ਿਕਰਯੋਗ ਹੈ ਕਿ 23 ਜੂਨ ਨੂੰ ਕੈਨੇਡਾ ਵਿਚ ਦਾਖਲ ਹੋਣ ਸਮੇਂ ਕੈਨੇਡਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ । ਸਵਾਲ ਇਹ ਵੀ ਖੜੇ ਹੁੰਦੇ ਹਨ ਕਿ ਏਨਾ ਰੌਲਾ ਪੈਣ ਦੇ ਬਾਵਜੂਦ ਵੀ ਉਹ ਕੈਨੇਡਾ ਪੁੱਜਣ ਵਿੱਚ ਕਿਵੇਂ ਕਾਮਯਾਬ ਹੋ ਗਿਆ । ਪੰਜਾਬ ਪੁਲਿਸ ਨੇ ਮਿਸ਼ਰਾ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਪ੍ਰੰਤੂ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕੀਤਾ ਗਿਆ, ਪੁਲਿਸ ਵੱਲੋਂ ਹੁਣ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਲੰਧਰ ਪੁਲੀਸ ਵੱਲੋਂ ਮਿਸ਼ਰਾ ਨੂੰ ਪੰਜਾਬ ਲਿਆਉਣ ਲਈ ਕਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ । ਵੱਡੀ ਗਿਣਤੀ ਵਿਦਿਆਰਥੀਆਂ ਨਾਲ ਠੱਗੀ ਮਾਰਨ ਵਾਲੇ ਏਜੰਟ ਮਿਸ਼ਰਾ ਦੇ ਖਿਲਾਫ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਠੋਸ ਕਾਰਵਾਈ ਨਾ ਹੋਣ ਕਾਰਨ ਪੰਜਾਬ ਪੁਲਿਸ ਕਟਿਹਰੇ ਵਿੱਚ ਹੈ । ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੇ ਨੇਤਾਵਾਂ ਅਤੇ ਅਫ਼ਸਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜੋ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਗ੍ਰਹਿਣ ਲਗਾ ਰਹੇ ਹਨ ।

error: Content is protected !!