Gee 98News

ਚੰਡੀਗੜ੍ਹ,13 ਦਸੰਬਰ-ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਨਾਲ ਸੰਬੰਧਿਤ ਇੱਕ ਕਾਂਗਰਸੀ ਆਗੂ ਲੱਕੀ ਸੰਧੂ ਦੇ ਜੇਲ੍ਹ ਵਿੱਚੋਂ ਬਿਮਾਰੀ ਦਾ ਬਹਾਨਾ ਬਣਾ ਕੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੋ ਸਹਾਇਕ ਥਾਣੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਏਐਸਆਈ ਮੰਗਲ ਸਿੰਘ ਅਤੇ ਏਐਸਆਈ ਕੁਲਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਦੋਵਾਂ ਕਰਮਚਾਰੀਆਂ ਦੀ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਲ੍ਹ ਦੇ ਮੈਡੀਕਲ ਵਿਭਾਗ ਦੇ ਜਿਹੜੇ ਦੋ ਕਰਮਚਾਰੀਆਂ ਨੇ ਹਵਾਲਾਤੀ ਨੂੰ ਪੀਜੀਆਈ ਰੈਫਰ ਕਰਨ ਦੀ ਸਿਫਾਰਸ਼ ਕੀਤੀ, ਉਹਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਲੱਕੀ ਸੰਧੂ ‘ਤੇ ਮੋਹਾਲੀ ਵਿਖੇ ਇੱਕ ਹਨੀਟਰੈਪ ਅਤੇ ਦੂਜਾ ਲੁਧਿਆਣਾ ਵਿਖੇ ਧਮਕੀਆਂ ਦੇਣ ਦਾ ਮਾਮਲਾ ਦਰਜ ਹੈ ਜਿਨਾਂ ਸਬੰਧੀ ਉਹ ਜੇਲ੍ਹ ਵਿੱਚ ਬੰਦ ਹੈ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਲੱਕੀ ਸੰਧੀ ਨੂੰ ਰੀੜ ਦੀ ਹੱਡੀ ਦੀ ਸਮੱਸਿਆ ਸੀ ਇਸ ਕਰਕੇ ਡਾਕਟਰਾਂ ਦੇ ਕਹਿਣ ‘ਤੇ ਉਸ ਨੂੰ ਪੀਜੀਆਈ ਭੇਜਿਆ ਗਿਆ ਸੀ ਪਰ ਉਹ ਪੀਜੀਆਈ ਆਉਣ ਤੋਂ ਬਾਅਦ ਇੱਕ ਵਿਆਹ ਸਮਾਗਮ ਵਿੱਚ ਚਲਿਆ ਗਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਅਗਲੀ ਸਾਰੀ ਜਾਂਚ ਅਤੇ ਕਾਰਵਾਈ ਪੁਲਿਸ ਪੱਧਰ ‘ਤੇ ਹੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਲੱਕੀ ਸੰਧੂ ਦਾ ਨਾਮ ਲੁਧਿਆਣੇ ਦੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਕੇ ਲੁੱਟਣ ਵਾਲੀ “ਬਲੈਕਮੇਲਰ ਹਸੀਨਾ” ਜਸਨੀਤ ਕੌਰ ਦੇ ਨਾਲ ਵੀ ਜੁੜਿਆ ਸੀ ਜਿਸ ਸਬੰਧੀ ਮਾਡਲ ਟਾਊਨ ਥਾਣਾ ਲੁਧਿਆਣਾ ਵਿਖੇ ਲੱਕੂ ਸੰਧੂ ‘ਤੇ ਮਾਮਲਾ ਦਰਜ ਹੈ।

Leave a Reply

Your email address will not be published. Required fields are marked *

error: Content is protected !!