ਚੰਡੀਗੜ੍ਹ,5 ਅਪ੍ਰੈਲ, Gee98 news service
-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨੇ ਲੁਧਿਆਣਾ ਦੇ ਇੱਕ ਜੱਜ ਨੂੰ ਮਾੜੀ ਕਾਰਜਗਾਰੀ ਦੇ ਅਧਾਰ ਤੇ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਲੁਧਿਆਣਾ ਵਿੱਚ ਤਾਇਨਾਤ ਇੱਕ ਜੁਡੀਸ਼ੀਅਲ ਮੈਜਿਸਟਰੇਟ ਨੂੰ ਮੁਅੱਤਲ ਕਰ ਦਿੱਤਾ ਹੈ। ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੇ ਲੁਧਿਆਣਾ ਦੌਰੇ ਦੌਰਾਨ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ-ਕਮ-ਸਿਵਲ ਜੱਜ (ਜੂਨੀਅਰ ਡਵੀਜ਼ਨ) ਰਾਜੀਵ ਗਰਗ ਦੇ ਕੰਮ ਵਿੱਚ ਖਾਮੀਆਂ ਪਾਈਆਂ ਗਈਆਂ ਸਨ। ਇਨ੍ਹਾਂ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਹਾਈ ਕੋਰਟ ਦੇ ਜੱਜਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ-ਕਮ-ਸਿਵਲ ਜੱਜ (ਜੂਨੀਅਰ ਡਵੀਜ਼ਨ) ਰਾਜੀਵ ਗਰਗ ਖ਼ਿਲਾਫ਼ ਕਾਰਵਾਈ ਕੀਤੀ ਹੈ। ਮੁਅੱਤਲੀ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਨਵਾਂਸ਼ਹਿਰ ਬਣਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਟਿਸ ਸੰਧਾਵਾਲੀਆ ਨੇ ਪਿਛਲੇ ਹਫ਼ਤੇ ਲੁਧਿਆਣਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜੱਜ ਗਰਗ ਦੀ ਕਾਰਜਪ੍ਰਣਾਲੀ ਦੀ ਜਾਂਚ ਕੀਤੀ ਗਈ। ਨਿਰੀਖਣ ਦੌਰਾਨ ਅਦਾਲਤੀ ਕਾਰਵਾਈ, ਰਿਕਾਰਡ ਦੀ ਸਾਂਭ-ਸੰਭਾਲ ਅਤੇ ਡਿਊਟੀ ਨਿਭਾਉਣ ਵਿੱਚ ਕਮੀਆਂ ਪਾਈਆਂ ਗਈਆਂ। ਸੰਧਾਵਾਲੀਆ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਨੋਟਿਸ ਲਿਆ।







