ਬਰਨਾਲਾ, 12 ਅਪ੍ਰੈਲ, ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਹਲਕੇ ਦੇ ਪਿੰਡਾਂ ‘ਚ ਹੋ ਰਹੀਆਂ ਚੋਣ ਮੀਟਿੰਗਾਂ ਵਿੱਚ ਸਰਦਾਰ ਮਾਨ ਦੇ ਪਰਿਵਾਰਿਕ ਮੈਂਬਰ ਵੀ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਿਤਰ ਆਏ ਹਨ। ਸਰਦਾਰ ਮਾਨ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਉਹਨਾਂ ਦੀ ਧਰਮ ਪਤਨੀ ਬੀਬੀ ਗੀਤਇੰਦਰ ਕੌਰ ਮਾਨ ਨੇ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਖੇ ਇੱਕ ਪ੍ਰਭਾਵਸਾਲੀ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਚੋਣ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ । ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸ. ਮੰਡੇਰ ਨੇ ਦੱਸਿਆ ਕਿ ਇਸ ਦੌਰਾਨ ਇੱਕ ਪਿੰਡ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸਦਾ ਪ੍ਰਧਾਨ ਬੀਬੀ ਬਲਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਵਿੱਚ ਬੀਬੀ ਕਰਮਜੀਤ ਕੌਰ, ਬਲਜਿੰਦਰ ਕੌਰ, ਰੇਖਾ ਰਾਣੀ, ਕਮਲਜੀਤ ਕੌਰ, ਦਲਜੀਤ ਕੌਰ, ਸੰਦੀਪ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਕਿਰਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਬਲਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਗੀਤਇੰਦਰ ਕੌਰ ਮਾਨ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਸਭ ਤੋਂ ਵੱਡੀ ਚੁਣੌਤੀ ਹੈ । ਇਸ ਲਈ ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾ ਕੇ ਖੁਸ਼ਹਾਲੀ ਦੇ ਰਾਹ ‘ਤੇ ਲੈ ਕੇ ਆਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਡੱਟ ਕੇ ਸਾਥ ਦਿਓ। ਮੀਟਿੰਗ ਵਿੱਚ ਹਾਜਰ ਬੀਬੀਆਂ ਨੇ ਭਰੋਸਾ ਦੁਆਇਆ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਯਕੀਨੀ ਬਨਾਉਣਗੇ । ਇਸ ਮੌਕੇ ਜਗਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ, ਲੱਖਾ ਸਿੰਘ ਖੁੱਡੀ ਯੂਥ ਆਗੂ, ਹਰਸਿਮਰਨ ਸਿੰਘ ਬੱਬੂ ਸੋਸ਼ਲ ਮੀਡੀਆ ਇੰਚਾਰਜ ਖੁੱਡੀ, ਹਰਵਿੰਦਰ ਸਿੰਘ ਸਮੇਤ ਹੋਰ ਆਗੂ ਵੀ ਹਾਜਰ ਸਨ ।