ਚੰਡੀਗੜ੍ਹ,16 ਅਪ੍ਰੈਲ, Gee98 news service
-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦੇਣ ਤੋਂ ਬਾਅਦ ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਨੇ ਤੇਵਰ ਤਿੱਖੇ ਕਰ ਲਏ ਹਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦੇ ਐਲਾਨ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਜੇ ਸਾਂਪਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ “ਮੋਦੀ ਕਾ ਪਰਿਵਾਰ” ਲੋਗੋ ਹਟਾ ਦਿੱਤਾ। ਵਿਜੇ ਸਾਂਪਲਾ 2014 ਤੋਂ 2019 ਤੱਕ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ ਹਨ। 2019 ਵਿੱਚ ਵੀ ਉਹ ਟਿਕਟ ਦੇ ਦਾਅਵੇਦਾਰ ਸਨ ਪ੍ਰੰਤੂ ਉਹਨਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਵਿਜੇ ਕੁਮਾਰ ਸਾਂਪਲਾ ਨੇ ਆਪਣਾ ਦਾਅਵਾ ਠੋਕਿਆ ਸੀ ਪਰੰਤੂ ਇਸ ਵਾਰ ਵੀ ਭਾਜਪਾ ਹਾਈਕਮਾਂਡ ਨੇ ਟਿਕਟ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਦੇ ਦਿੱਤੀ, ਜਿਸ ਤੋਂ ਨਰਾਜ਼ ਹੋ ਕੇ ਵਿਜੇ ਸਾਂਪਲਾ ਨੇ ਜਿੱਥੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ “ਮੋਦੀ ਕਾ ਪਰਿਵਾਰ” ਲੋਗੋ ਹਟਾ ਦਿੱਤਾ ਉਥੇ ਸਖ਼ਤ ਟਿੱਪਣੀਆਂ ਵੀ ਕੀਤੀਆਂ। ਵਿਜੇ ਸਾਂਪਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਕਿ “ਇੱਕ ਰਸਤਾ ਬੰਦ ਹੋ ਜਾਂਦਾ ਹੈ ਤਾਂ ਭਗਵਾਨ ਕਈ ਹੋਰ ਰਸਤੇ ਖੋਲ ਦਿੰਦਾ ਹੈ, ਮੇਰੇ ਲਈ ਵੀ ਭਗਵਾਨ ਨੇ ਕੋਈ ਨਾ ਕੋਈ ਰਸਤਾ ਜ਼ਰੂਰ ਨਿਰਧਾਰਿਤ ਕੀਤਾ ਹੋਵੇਗਾ, ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ”। ਇਸ ਤੋਂ ਬਾਅਦ ਆਪਣੀ ਦੂਜੀ ਪੋਸਟ ਵਿੱਚ ਉਹਨਾਂ ਲਿਖਿਆ ਕਿ “ਮੈਂ ਤਾਂ ਆਪਣਾ ਖ਼ੂਨ ਪਸੀਨਾ ਬਹਾ ਦਿੱਤਾ..ਹੁਣ ਬਰਸਾਤ ਲਿਖੇਗੀ ਮੁਕੱਦਰ ਜ਼ਮੀਨ ਦਾ..”। ਵਿਜੇ ਸਾਂਪਲਾ ਦੀ ਇਸ ਪੋਸਟ ਨੂੰ ਭਾਜਪਾ ਛੱਡਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੰਜਾਬ ਚ ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਐਲਾਨ ਕੀਤੇ ਉਮੀਦਵਾਰਾਂ ਦੀ ਸੂਚੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਕਿਸੇ ਵੱਡੇ ਆਗੂ ਨੇ ਬਗਾਵਤੀ ਸੁਰਾਂ ਕੱਢੀਆਂ ਹਨ। ਵਿਜੇ ਕੁਮਾਰ ਸਾਂਪਲਾ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ।
ਫੋਟੋ ਕੈਪਸ਼ਨ-ਵਿਜੇ ਸਾਂਪਲਾ ਦੇ ਸੋਸ਼ਲ ਮੀਡੀਆ ਅਕਾਊਂਂਟ ਦੇ ਦੋ ਵੱਖ-ਵੱਖ ਸਕਰੀਨ ਸਾੱਟ (ਇੱਕ ਟਿਕਟ ਦਾ ਐਲਾਨ ਹੋਣ ਤੋਂ ਪਹਿਲਾਂ ਦਾ ਅਤੇ ਦੂਸਰਾ ਐਲਾਨ ਹੋਣ ਤੋਂ ਬਾਅਦ ਦਾ)
