Skip to main content

Gee 98News

ਕੀ ਰੰਗ ਲਿਆਵੇਗੀ ਬਰਨਾਲਾ ਤੇ ਢੀਂਡਸਾ ਪਰਿਵਾਰ ਦੀ ਜੋਟੀ…ਸੁਣਿਐ..ਅਜੇ ਢੀਂਡਸਾ ਸਾਬ੍ਹ ਨੇ ਸੁਖਬੀਰ ਨੂੰ ਕੋਈ “ਲੜ ਪੱਲਾ” ਨਹੀਂ ਫੜਾਇਆ…!

-ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਢੀਂਡਸਾ ਗਰੁੱਪ ਵਾਲੇ ਪਾਸੇ ਤੋਂ ਬਗਾਵਤ ਦੀ ਚਿੰਗਾੜੀ ਸੁਲਗ ਰਹੀ ਹੈ। ਉੰਝ ਤਾਂ ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਮਾਹੌਲ ਨੂੰ ਕੁਝ ਸ਼ਾਂਤ ਕਰਨ ਦੇ ਯਤਨ ਕੀਤੇ ਹਨ ਪਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਢੀਂਡਸਾ ਪਰਿਵਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਭਰੋਸਾ ਨਹੀਂ ਦਿੱਤਾ ਗਿਆ। ਦੂਜੇ ਪਾਸੇ ਢੀਂਡਸਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਉਹਨਾਂ ਦੇ ਸਮਰਥਕਾਂ ਦੀ ਹੋਈ ਮੀਟਿੰਗ ਵਿੱਚ ਢੀਂਡਸਾ ਪਰਿਵਾਰ ਦੇ ਵਫ਼ਾਦਾਰ ਆਗੂਆਂ ਨੇ ਸੁਖਬੀਰ ਬਾਦਲ ‘ਤੇ ਤਿੱਖੇ ਹਮਲੇ ਕੀਤੇ, ਜਿਨਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਹਲਕਿਆਂ ਵਿੱਚ ਇਹਨਾਂ ਆਗੂਆਂ ਦੀ ਨਾਰਾਜ਼ਗੀ ਦਾ ਖਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭੁਗਤਣਾ ਪਵੇਗਾ। ‌ ਭਰੋਸੇਯੋਗ ਸੂਤਰਾਂ ਅਨੁਸਾਰ ਢੀਂਡਸਾ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ ਕੁਝ ਆਗੂਆਂ ਨੇ ਤਾਂ ਸ਼ਰੇਆਮ ਇਹ ਕਹਿ ਵੀ ਦਿੱਤਾ ਕਿ ਉਹ ਅਜਿਹੇ ਹਾਲਾਤਾਂ ਵਿੱਚ ਪਾਰਟੀ ਨਾਲ ਨਹੀਂ ਚੱਲ ਸਕਦੇ। ਇਸ ਮੀਟਿੰਗ ਦਾ ਇੱਕ ਹੈਰਾਨੀਜਨਕ ਅਤੇ ਧਿਆਨਦੇਣ ਯੋਗ ਪੱਖ ਇਹ ਵੀ ਰਿਹਾ ਕਿ ਇਸ ਮੀਟਿੰਗ ਵਿੱਚ ਗਗਨਜੀਤ ਸਿੰਘ ਬਰਨਾਲਾ ਨੇ ਵੀ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਜਿਸਨੇ ਸ਼੍ਰੋਮਣੀ ਅਕਾਲੀ ਦਲ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਵਿੱਚ ਹਮੇਸ਼ਾ 36 ਦਾ ਅੰਕੜਾ ਰਿਹਾ ਹੈ ਤੇ ਦੋਵੇਂ ਗਰੁੱਪ ਇੱਕ ਦੂਜੇ ਦੀਆਂ ਸਿਆਸੀ ਤੌਰ ‘ਤੇ ਲੱਤਾਂ ਖਿੱਚਦੇ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਗਰੂਰ ਲੋਕ ਸਭਾ ਹਲਕੇ ਵਿੱਚ ਅਜੋਕੇ ਦੌਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਾਲਾਤ ਮਾੜੇ ਹਨ ਤਾਂ ਇਸ ਲਈ ਢੀਂਡਸਾ ਅਤੇ ਬਰਨਾਲਾ ਗਰੁੱਪ ਦੀ ਧੜੇਬੰਦੀ ਜ਼ਿੰਮੇਵਾਰ ਹੈ ਪ੍ਰੰਤੂ ਢੀਡਸਾ ਪਰਿਵਾਰ ਵੱਲੋਂ ਬੁਲਾਈ ਮੀਟਿੰਗ ਵਿੱਚ ਗਗਨਜੀਤ ਸਿੰਘ ਬਰਨਾਲਾ ਦੀ ਸ਼ਮੂਲੀਅਤ ਨੇ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਦਿੱਤੇ ਹਨ। ਢੀਂਡਸਾ ਗਰੁੱਪ ਦੀ ਅਗਲੀ ਰਣਨੀਤੀ ਅਜੇ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਪ੍ਰੰਤੂ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਢੀਂਡਸਾ ਗਰੁੱਪ ਦੀ ਰਣਨੀਤੀ ਇਕਬਾਲ ਸਿੰਘ ਝੂੰਦਾਂ ਲਈ “ਦਿੱਲੀ ਦੂਰ ਵਾਲੀ” ਹੀ ਹੋਵੇਗੀ। ਬਹਰਹਾਲ ! ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਵਫ਼ਾਦਾਰ ਆਗੂਆਂ ਦੀ ਨਰਾਜ਼ਗੀ ਨੂੰ ਵੇਖਦੇ ਹੋਏ “ਮਿੱਠੇ ਪੋਚੇ” ਮਾਰ ਕੇ ਮਾਹੌਲ ਕੁਝ ਸ਼ਾਂਤ ਕਰਨ ਦਾ ਯਤਨ ਕੀਤਾ ਪਰੰਤੂ ਸੁਖਦੇਵ ਸਿੰਘ ਢੀਂਡਸਾ ਦੀ ਰਾਜਨੀਤੀ ਤੋਂ ਨੇੜੇ ਤੋਂ ਜਾਨਣ ਵਾਲੇ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਸਮਰਥਕਾਂ ਨੂੰ ਮਾਰੇ ਗਏ ਮਿੱਠੇ ਪੋਚੇ “ਵੇਖੀ ਕਮਲਿਆਂ ਕਿਤੇ ਇੱਟ ਨਾ ਮਾਰੀਂ”ਵਰਗੇ ਹੀ ਹਨ।

Gee98 Ads

error: Content is protected !!