Skip to main content

Gee 98News

ਜੇਲ੍ਹ ਵਿੱਚ ਕੇਜਰੀਵਾਲ ਜਾਣ-ਬੁੱਝ ਕੇ ਆਲੂ ਪੂੜੀ,ਅੰਬ ਤੇ ਮਿਠਾਈ ਖਾ ਰਹੇ ਹਨ ਤਾਂ ਜੋ ਸ਼ੂਗਰ ਲੈਵਲ ਵਧੇ ਅਤੇ ਜ਼ਮਾਨਤ ਮਿਲ ਜਾਵੇ…ED ਨੇ ਅਦਾਲਤ ਨੂੰ ਦੱਸਿਆ

ਚੰਡੀਗੜ੍ਹ,18 ਅਪ੍ਰੈਲ, Gee98 news service
-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਜੇਲ੍ਹ ‘ਚ ਬੰਦ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਘਰੋਂ ਜਾਣ ਬੁੱਝ ਕੇ ਅਜਿਹਾ ਖਾਣਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਕੇਜਰੀਵਾਲ ਦਾ ਸ਼ੂਗਰ ਲੈਵਲ ਵਧੇ ਅਤੇ ਉਹ ਇਸ ਆਧਾਰ ‘ਤੇ ਜ਼ਮਾਨਤ ਲੈ ਸਕਣ। ਦਰਅਸਲ ਅਰਵਿੰਦ ਕੇਜਰੀਵਾਲ ਦੇ ਵਕੀਲ ਵਿਵੇਕ ਜੈਨ ਨੇ ਟਰਾਇਲ ਕੋਰਟ ਵਿੱਚ ਇੱਕ ਪੁਟੀਸ਼ਨ ਦਾਇਰ ਕਰਕੇ ਕੇਜਰੀਵਾਲ ਦੇ ਡਾਕਟਰ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਮੈਡੀਕਲ ਕੰਸਲਟੇਸ਼ਨ ਲੈਣ ਦੀ ਮੰਗ ਕੀਤੀ ਸੀ। ਵਕੀਲ ਨੇ ਤਰਕ ਦਿੱਤਾ ਕਿ ਕੇਜਰੀਵਾਲ ਟਾਈਪ-2 ਡਾਈਬਿਟੀਜ ਦੇ ਮਰੀਜ਼ ਹਨ ਅਤੇ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਉੱਪਰ ਥੱਲੇ ਹੁੰਦਾ ਰਹਿੰਦਾ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਦੌਰਾਨ ਈਡੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਜਾਣ ਬੁਝ ਕੇ ਮਿੱਠੀਆਂ ਚੀਜ਼ਾਂ ਖਾ ਰਹੇ ਹਨ ਤਾਂ ਜੋ ਉਹਨਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਹ ਮੈਡੀਕਲ ਦੇ ਆਧਾਰ ‘ਤੇ ਜ਼ਮਾਨਤ ਲੈ ਸਕਣ। ‌ ਈਡੀ ਦੇ ਵਕੀਲ ਨੇ ਕਿਹਾ ਕਿ ਕੇਜਰੀਵਾਲ ਦੇ ਘਰੋਂ ਅਜਿਹਾ ਖਾਣਾ ਆ ਰਿਹਾ ਜਿਸ ਵਿੱਚ ਸ਼ੂਗਰ ਦੀ ਮਾਤਰਾ ਵੱਧ ਹੁੰਦੀ ਹੈ। ਈਡੀ ਨੇ ਕਿਹਾ ਕਿ ਕੇਜਰੀਵਾਲ ਟਾਈਪ-2 ਡਾਈਬਿਟੀਜ਼ ਦੇ ਮਰੀਜ਼ ਹਨ ਪ੍ਰੰਤੂ ਇਹਦੇ ਬਾਵਜੂਦ ਵੀ ਉਹਨਾਂ ਨੂੰ ਘਰੋਂ ਆਲੂ ਪੂੜੀ, ਅੰਬ ਅਤੇ ਮਠਿਆਈਆਂ ਖਾਣ ਲਈ ਦਿੱਤੀਆਂ ਜਾ ਰਹੀਆਂ ਹਨ। ਈਡੀ ਦੇ ਵਕੀਲ ਨੇ ਦੱਸਿਆ ਕਿ ਕੇਜਰੀਵਾਲ ਦੇ ਖਾਣੇ ਨਾਲ ਜੁੜੀ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਈਡੀ ਨੇ ਤਿਹਾੜ ਜੇਲ੍ਹ ਤੋਂ ਲਿਖਤੀ ਤੌਰ ‘ਤੇ ਕੇਜਰੀਵਾਲ ਦੇ ਖਾਣੇ ਅਤੇ ਦਵਾਈਆਂ ਸੰਬੰਧੀ ਜਾਣਕਾਰੀ ਮੰਗੀ। ਈਡੀ ਦੇ ਵਕੀਲ ਨੇ ਦੱਸਿਆ ਕਿ ਕੇਜਰੀਵਾਲ ਦੇ ਡਾਇਟ ਚਾਰਟ ਸਬੰਧੀ ਅਦਾਲਤ ਸਾਹਮਣੇ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਚਾਰਟ ਵਿੱਚ ਅੰਬ ਤੇ ਮਠਿਆਈਆਂ ਸ਼ਾਮਿਲ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕੁਝ ਅਜਿਹੀਆਂ ਖਾਸ ਮਠਿਆਈਆਂ ਦਾ ਸੇਵਨ ਕੀਤਾ ਹੈ ਜੋ ਕਿਸੇ ਵੀ ਡਾਇਬਿਟੀਜ ਮਰੀਜ਼ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਸ਼ਰਾਬ ਘਟਾਲਾ ਮਾਮਲੇ ‘ਚ ਪਿਛਲੇ 18 ਦਿਨਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ ਅਦਾਲਤ ਨੇ ਉਹਨਾਂ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਹੋਈ ਹੈ। ਈਡੀ ਦੇ ਵਕੀਲ ਦੀਆਂ ਦਲੀਲਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਉਹ ਆਪਣੀ ਅਰਜ਼ੀ ਵਾਪਸ ਲੈਂਦੇ ਹਨ ਅਤੇ ਇਸ ਸੰਬੰਧੀ ਦੁਬਾਰਾ ਨਵੇਂ ਸਿਰੇ ਤੋਂ ਅਰਜ਼ੀ ਦਾਖਲ ਕਰਨਗੇ।

error: Content is protected !!