Skip to main content

Gee 98News

ਭਗਵੰਤ ਮਾਨ v/s ਸੁਖਪਾਲ ਖਹਿਰਾ : ਬਲਤੇਜ ਪੰਨੂ ਨੇ ਸੰਭਾਲੀ ਮੀਤ ਹੇਅਰ ਦੀ ਚੋਣ ਕਮਾਂਡ…ਨਾਰਾਜ਼ ਆਗੂਆਂ ਨੂੰ ਲਿਆ ਜਾ ਰਿਹਾ ਕਲਾਵੇ ‘ਚ

ਬਰਨਾਲਾ,15 ਮਈ, (ਨਿਰਮਲ ਸਿੰਘ ਪੰਡੋਰੀ)-
-ਆਮ ਆਦਮੀ ਪਾਰਟੀ ਨੇ ਇਹ ਮੰਨ ਲਿਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਵੇਂ ਕਿ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹਨ ਪ੍ਰੰਤੂ ਅਸਲ ਮੁਕਾਬਲਾ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਵਿਚਕਾਰ ਹੀ ਹੈ। “ਆਪ” ਨੇ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਦੀ ਰਫ਼ਤਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਤ ਹੇਅਰ ਦੀ ਚੋਣ ਕੈਂਪੇਨ ਦੀ ਕਮਾਂਡ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਨੂੰ ਸੌਂਪ ਦਿੱਤੀ ਹੈ। ‌ਬਲਤੇਜ ਪੰਨੂ ਇੱਕ ਤਜਰਬੇਕਾਰ ਪੱਤਰਕਾਰ ਅਤੇ ਰਣਨੀਤੀਕਾਰ ਵੀ ਹਨ। ਬਲਤੇਜ ਪੰਨੂ ਨੇ ਬਰਨਾਲਾ ਦੇ ਆਲੀਸ਼ਾਨ ਹੋਟਲ ‘ਚ ਡੇਰੇ ਜਮਾਏ ਹੋਏ ੬ ਜਿੱਥੇ ਆਮ ਆਦਮੀ ਪਾਰਟੀ ਦੇ ਉਹਨਾਂ ਟਕਸਾਲੀ ਆਗੂਆਂ/ਵਲੰਟੀਅਰਾਂ ਨੂੰ ਬੁਲਾ ਕੇ ਕਲਾਵੇ ਵਿੱਚ ਲਿਆ ਜਾ ਰਿਹਾ ਹੈ ਜਿਹੜੇ ਕਿਸੇ ਗੱਲੋਂ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਅਤੇ ਲਾਭ ਸਿੰਘ ਉਗੋਕੇ ਨਾਲ ਨਰਾਜ ਹਨ। ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਕਿਸੇ ਵੀ ਕਾਰਨ ਨਰਾਜ਼ ਵੋਟ ਬੈਂਕ ਕਿਸੇ ਹੋਰ ਪਾਸੇ ਨਾ ਭੁਗਤ ਜਾਵੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਆਲੀਸ਼ਾਨ ਹੋਟਲ ‘ਚ ਬੈਠ ਕੇ ਆਲੀਸ਼ਾਨ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ ਕਿਉਂਕਿ ਮੀਤ ਹੇਅਰ ਨੂੰ ਟਿਕਟ ਮਿਲਣ ਤੋਂ ਬਾਅਦ ਚੁੱਪ ਬੈਠੇ ਆਮ ਆਦਮੀ ਪਾਰਟੀ ਦੇ ਕੁਝ ਅਜਿਹੇ ਆਗੂ ਪਿਛਲੇ ਕੁਝ ਦਿਨਾਂ ਤੋਂ ਮੀਤ ਹੇਅਰ ਦੀ ਚੋਣ ਮੁਹਿੰਮ ਵਿੱਚ ਵੇਖੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਜੱਦੀ ਹਲਕਾ ਹੋਣ ਕਰਕੇ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਹਲਕੇ ਨੂੰ ਸੰਜੀਦਗੀ ਨਾਲ ਲੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਟਿਕਟ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਪਹਿਲਾ ਐਲਾਨ ਇਹ ਕੀਤਾ ਸੀ ਕਿ ਉਹਨਾਂ ਦਾ ਮੁਕਾਬਲਾ ਮੀਤ ਹੇਅਰ ਨਾਲ ਨਹੀਂ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈ। ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਦੀ ਹਲਕੇ ਵਿੱਚ ਮੌਜੂਦਗੀ ਇਹ ਸਾਫ਼ ਜ਼ਾਹਿਰ ਕਰ ਰਹੀ ਹੈ ਕਿ “ਆਪ” ਨੇ ਸੁਖਪਾਲ ਸਿੰਘ ਖਹਿਰਾ ਦੇ ਚੈਲਿੰਜ ਨੂੰ ਕਬੂਲ ਕੀਤਾ ਹੈ। ‌

error: Content is protected !!