Gee 98News

ਚੰਡੀਗੜ੍ਹ,18 ਮਈ, Gee98 news service
-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋਣ ਦੀ ਚਰਚਾ ਹੈ। ‌ਕਿਹਾ ਜਾ ਰਿਹਾ ਹੈ ਕਿ ਡੇਰੇ ਦਾ ਸਿਆਸੀ ਵਿੰਗ ਐਕਟਿਵ ਹੋ ਗਿਆ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਵਿੱਚ ਹੈ, ਜਿਸ ਕਰਕੇ ਉਹਨਾਂ ਦੇ ਮੂੰਹ ਬੋਲੀ ਬੇਟੀ ਹਨੀਪ੍ਰੀਤ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਡੇਰੇ ਦੇ ਅੰਦਰ ਮੀਟਿੰਗਾਂ ਕੀਤੇ ਜਾਣ ਦੀ ਚਰਚਾ ਸਾਹਮਣੇ ਆ ਰਹੀ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਡੇਰੇ ਦੇ ਚੱਕਰ ਲਗਾਏ ਜਾ ਰਹੇ ਹਨ ਜਿਨਾਂ ਦੀ ਮੀਟਿੰਗ ਹਨੀਪ੍ਰੀਤ ਨਾਲ ਕਰਵਾਈ ਜਾ ਰਹੀ ਹੈ। ਬਰਨਾਲਾ ਨਾਲ ਸੰਬੰਧਿਤ ਇੱਕ ਸਰਗਰਮ ਡੇਰਾ ਪ੍ਰੇਮੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸੁਨੇਹਾ ਨਹੀਂ ਹੈ। ‌ ਉਹਨਾਂ ਕਿਹਾ ਕਿ ਜੇਕਰ ਡੇਰੇ ਦਾ ਕੋਈ ਸਮੂਹਿਕ ਫੈਸਲਾ ਹੋਵੇਗਾ ਤਾਂ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਹੀ ਸੁਨੇਹਾ ਲੱਗੇਗਾ।‌ ਧਿਆਨ ਰਹੇ ਕਿ ਡੇਰਾ ਸਿਰਸਾ ਦਾ ਪਟਿਆਲਾ, ਬਠਿੰਡਾ, ਮਾਨਸਾ ਸੰਗਰੂਰ ਜ਼ਿਲ੍ਹਿਆਂ ਵਿੱਚ ਚੰਗਾ ਪ੍ਰਭਾਵ ਹੈ। ਭਾਵੇਂ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਇੱਕ ਸਮਾਂ ਅਜਿਹਾ ਵੀ ਸੀ ਜਦ ਡੇਰੇ ਦੀਆਂ ਸਿਆਸੀ ਸਰਗਰਮੀਆਂ ਬਿਲਕੁਲ ਬੰਦ ਹੋ ਗਈਆਂ ਸਨ ਪਰੰਤੂ ਲੋਕ ਸਭਾ ਚੋਣਾਂ ਦੌਰਾਨ ਕਨਸੋਆਂ ਹਨ ਕਿ ਡੇਰੇ ਦੀਆਂ ਸਿਆਸੀ ਸਰਗਰਮੀਆਂ ਨੇ ਮੁੜ ਅੰਗੜਾਈ ਭਰੀ ਹੈ ਅਤੇ ਇਸ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਬਹਰਹਾਲ ! ਇਹ ਸਮੇਂ ਦੀ ਬੁੱਕਲ ਵਿੱਚ ਹੈ ਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦਾ ਕਿਸ ਪਾਰਟੀ/ਉਮੀਦਵਾਰ ਨੂੰ ‘ਆਸਰਾ’ ਮਿਲੇਗਾ ਪ੍ਰੰਤੂ ਇਹ ਇਹ ਸਾਹਮਣੇ ਆ ਰਿਹਾ ਹੈ ਕਿ ‘ਧੰਨ ਧੰਨ ਸਤਿਗੁਰੂ ਜੀ ਦਾ ਆਸਰਾ’ ਲੈਣ ਲਈ ਵੱਖ ਵੱਖ ਪਾਰਟੀਆਂ/ਉਮੀਦਵਾਰਾਂ ਨੇ “ਹੱਥ-ਪੱਲਾ” ਮਾਰਨਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!