Gee 98News

ਬਰਨਾਲਾ, 26 ਮਈ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਦੌਰਾਨ ਮਾਨ ਦੇ ਚੋਣ ਕਮਾਂਡਰਾਂ ਵੱਲੋਂ ਕੁਝ ਅਜਿਹੀਆਂ ਗਲਤੀਆਂ ਸਾਹਮਣੇ ਆ ਰਹੀਆਂ ਹਨ ਜਿਨਾਂ ਕਰਕੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਸੋਸ਼ਲ ਮੀਡੀਆ ‘ਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖੁਦ ਸ. ਮਾਨ ਦੀ ਸੋਚ ‘ਤੇ ਵੀ ਸਵਾਲ ਉੱਠ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਾਨ ਦੇ ਰੋਡ ਸ਼ੋਅ ਸਬੰਧੀ ਜਾਰੀ ਕੀਤੇ ਗਏ ਇੱਕ ਪੋਸਟਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਰਾਬਰ ਸਿੱਧੂ ਮੂਸੇਵਾਲਾ ਦੀ ਫੋਟੋ ਲਗਾਈ ਗਈ ਹੈ। ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਅਤੇ ਜਿਸ ਉਪਰ ਤਿੱਖੇ ਸਵਾਲ ਹੋ ਰਹੇ ਹਨ ਕਿ ਆਖ਼ਰ ਸਿੱਧੂ ਮੂਸੇਵਾਲਾ ਦੀ ਕੌਮ ਅਤੇ ਸਿੱਖ ਪੰਥ ਨੂੰ ਅਜਿਹੀ ਕਿਹੜੀ ਦੇਣ ਹੈ ਕਿ ਉਸ ਦੀ ਫੋਟੋ ਸੰਤਾਂ ਦੇ ਬਰਾਬਰ ਲਗਾ ਦਿੱਤੀ ਗਈ ਹੈ। ਚਰਚਾ ਇਹ ਵੀ ਹੋ ਰਹੀ ਹੈ ਕਿ ਸ. ਮਾਨ ਲੋਕ ਸਭਾ ਦੀ ਇਹ ਚੋਣ ਹਰ ਹੀਲੇ ਵਸੀਲੇ ਜਿੱਤਣ ਲਈ ਉਹਨਾਂ ਸਿਧਾਂਤਾਂ ਨੂੰ ਛੱਡਦੇ ਜਾ ਰਹੇ ਹਨ ਜਿੰਨਾਂ ‘ਤੇ ਉਹ ਕਈ ਵਰ੍ਹਿਆਂ ਤੋਂ ਖੜੇ ਆ ਰਹੇ ਹਨ। ਇਸ ਪੋਸਟਰ ਵਿੱਚ ਸਿੱਧੂ ਮੂਸੇਵਾਲਾ ਦੀ ਹੀ ਨਹੀਂ ਸਗੋਂ ਦੀਪ ਸਿੱਧੂ ਦੀ ਫੋਟੋ ਵੀ ਸੰਤਾਂ ਦੇ ਬਰਾਬਰ ਲਗਾਉਣ ‘ਤੇ ਸਵਾਲ ਉੱਠ ਰਹੇ ਹਨ। ਸਵਾਲ ਇਹ ਵੀ ਉੱਠ ਰਹੇ ਹਨ ਕਿ ਜਦ ਸਿੱਧੂ ਮੂਸੇਵਾਲਾ ਦਾ ਪਰਿਵਾਰ ਕਾਂਗਰਸ ਦੀ ਮਦਦ ਉੱਪਰ ਸ਼ਰੇਆਮ ਤੁਰ ਹੀ ਪਿਆ ਹੈ ਤਾਂ ਫਿਰ ਸਿੱਧੂ ਮੂਸੇਵਾਲਾ ਦੀ ਫੋਟੋ ਸ. ਮਾਨ ਦੀ ਪਾਰਟੀ ਵੱਲੋਂ ਕਿਸ ਦੀ ਇਜਾਜ਼ਤ ਨਾਲ ਵਰਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਪੋਸਟਰ ਕਿਸੇ ਅਣਜਾਣ ਵਰਕਰ ਵੱਲੋਂ ਤਿਆਰ ਨਹੀਂ ਕੀਤਾ ਗਿਆ ਸਗੋਂ ਇਸ ਉੱਪਰ ਪਾਰਟੀ ਦੇ ਉਨ੍ਹਾਂ ਸੀਨੀਅਰ ਆਗੂਆਂ ਦੇ ਨਾਮ ਅਤੇ ਫੋਨ ਨੰਬਰ ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਹਨ, ਜਿਹੜੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਹੋਏ ਹਨ। ‌ਸਿਮਰਨਜੀਤ ਸਿੰਘ ਮਾਨ ਦੇ ਬਰਨਾਲਾ ਵਿੱਚ 27 ਮਈ ਨੂੰ ਕੱਢੇ ਜਾ ਰਹੇ ਰੋਡ ਸ਼ੋਅ ਸਬੰਧੀ ਜਾਰੀ ਕੀਤੇ ਇਸ ਪੋਸਟਰ ਉੱਪਰ ਸੰਤਾਂ ਦੀ ਫੋਟੋ ਦੇ ਬਰਾਬਰ ਸਿੱਧੂ ਮੂਸੇਵਾਲਾ ਦੀ ਫੋਟੋ ਲਾਉਣ ਬਾਰੇ ਹੋ ਰਹੀ ਚਰਚਾ ਸਬੰਧੀ ਜਦ ਪਾਰਟੀ ਦਾ ਪੱਖ ਜਾਨਣ ਲਈ ਸ. ਮਾਨ ਦੇ ਪੀਏ ਗੁਰਜੰਟ ਸਿੰਘ ਕੱਟੂ ਨੂੰ ਫੋਨ ਕੀਤਾ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਫੋਨ ਨਹੀਂ ਚੁੱਕਿਆ।

Leave a Reply

Your email address will not be published. Required fields are marked *

error: Content is protected !!