ਚੰਡੀਗੜ੍ਹ,19 ਜੁਲਾਈ, Gee98 news service
ਸਰਕਾਰ “ਨਸ਼ੇ ਦੇ ਖ਼ਿਲਾਫ਼ ਯੁੱਧ” ਮੁਹਿੰਮ ਤਹਿਤ ਦਾਅਵਾ ਕਰ ਰਹੀ ਹੈ ਕਿ ਉਸਨੇ ਨਸ਼ੇ ‘ਤੇ ਕਾਫੀ ਹੱਦ ਤਕ ਰੋਕ ਲਗਾ ਦਿੱਤੀ ਹੈ ਪ੍ਰੰਤੂ ਬਠਿੰਡਾ ਵਿਖੇ ਨਸ਼ਾ ਤਸਕਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚ ਵੱਡੀ ਚਿੰਤਾ ਪੈਦਾ ਕੀਤੀ ਹੈ। ਬਠਿੰਡਾ ਪੁਲਿਸ ਨੇ ਬੀਏ ਦੂਜੇ ਸਾਲ ਦੇ ਇੱਕ ਵਿਦਿਆਰਥੀ ਨੂੰ 500 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਵਿਦਿਆਰਥੀ ਕੋਲੋਂ ਇਹ ਹੈਰੋਇਨ ਉਸ ਦੇ ਕਿਤਾਬਾਂ ਵਾਲੇ ਬੈਗ ਵਿੱਚੋਂ ਬਰਾਮਦ ਹੋਈ, ਜਿਸ ਵਿੱਚ ਕਿਤਾਬਾਂ ਵੀ ਸਨ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਸਾਹਮਣੇ ਆਏ ਕਿ ਸਕੂਲਾਂ ਕਾਲਜਾਂ ਵਿੱਚ ਨਸ਼ਾ ਪੀੜਤਾਂ ਦੇ ਤੌਰ ‘ਤੇ ਵਿਦਿਆਰਥੀਆਂ ਦੀ ਪਹਿਚਾਣ ਹੋਈ ਪ੍ਰੰਤੂ ਕਿਸੇ ਵਿਦਿਆਰਥੀ ਕੋਲੋਂ ਅੱਧਾ ਕਿਲੋ ਤੱਕ ਖਤਰਨਾਕ ਨਸ਼ੇ ਦੀ ਖੇਪ ਦੀ ਬਰਾਮਦਗੀ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦੀ ਹੈ ਕਿ ਨਸ਼ਾ ਤਸਕਰਾਂ ਨੇ ਪੰਜਾਬ ਪੁਲਿਸ ਦੀ ਸਖ਼ਤੀ ਨੂੰ ਵੇਖਦੇ ਹੋਏ ਨਸ਼ਾ ਤਸਕਰੀ ਦੇ ਆਪਣੇ ਤੌਰ ਤਰੀਕੇ ਵੀ ਬਦਲ ਲਏ ਹਨ। ਸੂਤਰਾਂ ਅਨੁਸਾਰ ਨਸ਼ਾ ਤਸਕਰਾਂ ਵੱਲੋਂ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਅਤੇ ਇਹਨਾਂ ਵਿਦਿਆਰਥੀਆਂ ਤੋਂ ਅੱਗੇ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਹੀ ਰੂਪ ਵਿੱਚ ਆ ਕੇ ਨਸ਼ਾ ਪ੍ਰਾਪਤ ਕਰਦੇ ਹਨ। ਇੱਕ ਵਿਦਿਆਰਥੀ ਤੋਂ 500 ਗ੍ਰਾਮ ਤੱਕ ਦੀ ਹੈਰੋਇਨ ਦੀ ਬਰਾਮਦਗੀ ਦੇ ਇਸ ਮਸਲੇ ਨੇ ਨਸ਼ਾ ਤਸਕਰੀ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ।
ਫੋਟੋ ਕੈਪਸ਼ਨ-ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ੇ ਦੀ ਬਰਾਮਦ ਖੇਪ ਸਮੇਤ ਪੁਲਿਸ ਅਧਿਕਾਰੀ