Gee 98News

ਇਹੋ ਜਿਹੇ ਲੋਕਾਂ ਤੋਂ ਵੀ ਬਚਕੇ ਭਾਈ…ਵਿਆਹ ਦੇ ਅਧਾਰ ‘ਤੇ ਕੈਨੇਡਾ ਲਿਜਾਣ ਦੇ ਸੁਪਨੇ ਦਿਖਾ ਕੇ ਠੱਗਣ ਵਾਲੇ ਮਾਂ-ਧੀ ਦੇ ਗਿਰੋਹ ਦਾ ਖੁਲਾਸਾ

ਚੰਡੀਗੜ੍ਹ,19 ਜੁਲਾਈ, Gee98 news service

ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦੇ ਸੁਪਨੇ ਦਿਖਾ ਕੇ ਕਈ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ ਧੀ ਦੇ ਇੱਕ ਗਿਰੋਹ ਦਾ ਪੰਜਾਬ ਪੁਲਿਸ ਨੇ ਪਰਦਾਫਾਸ਼ ਕੀਤੇ ਹੋਏ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਦੀ ਮੁਖੀ ਮਾਂ ਸੁਖਦਰਸ਼ਨ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਧੀ ਹਰਪ੍ਰੀਤ ਕੌਰ ਹੈਰੀ ਇਸ ਵੇਲੇ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਹੈ। ਸੁਖਦਰਸ਼ਨ ਕੌਰ ਅਖ਼ਬਾਰਾਂ ਵਿੱਚ ਆਪਣੀ ਧੀ ਦੇ ਵਿਆਹ ਦਾ ਇਸ਼ਤਿਹਾਰ ਦੇ ਕੇ ਜਾਂ ਮੈਟਰੀਮੋਨੀਅਲ ਦਾ ਕੰਮ ਕਰਨ ਵਾਲੇ ਲੋਕਾਂ ਰਾਹੀਂ ਪਰਿਵਾਰਾਂ ਤੱਕ ਪਹੁੰਚ ਕਰਦੀ ਸੀ ਅਤੇ ਲਾੜੇ ਲੱਭ ਕੇ ਉਹਨਾਂ ਨੂੰ ਵਿਆਹ ਦੇ ਅਧਾਰ ‘ਤੇ ਕਨੇਡਾ ਲਿਜਾਣ ਦੇ ਸੁਪਨੇ ਦਿਖਾਏ ਜਾਂਦੇ ਸਨ। ਵਿਆਹ ਸਬੰਧੀ ਸਾਰੇ ਪੱਕ ਠੱਕ ਹੋਣ ਤੋਂ ਬਾਅਦ ਕੈਨੇਡਾ ਬੈਠੀ ਹਰਪ੍ਰੀਤ ਕੌਰ ਹੈਰੀ ਨਾਲ ਵੀਡੀਓ ਕਾਲ ਰਾਹੀਂ ਮੰਗਣੀ ਕਰਵਾ ਦਿੱਤੀ ਜਾਂਦੀ ਸੀ ਅਤੇ ਮੰਗਣੀ ਤੋਂ ਬਾਅਦ ਹਰਪ੍ਰੀਤ ਕੌਰ ਦੀ ਮਾਂ ਸੁਖਦਰਸ਼ਨ ਕੌਰ ਕੈਨੇਡਾ ਭੇਜਣ ਲਈ ਕਰਜ਼ੇ ਦਾ ਹਵਾਲਾ ਦੇ ਕੇ ਲੱਖਾਂ ਰੁਪਏ ਮੰਗ ਲੈਂਦੀ ਸੀ।

                    ਪੁਲਿਸ ਅਨੁਸਾਰ ਇਸ ਗਿਰੋਹ ਨੇ ਪਿਛਲੇ ਦੋ ਸਾਲਾਂ ਵਿੱਚ ਬਠਿੰਡਾ, ਮੋਗਾ, ਖੰਨਾ, ਰਾਏਕੋਟ, ਮਾਛੀਵਾੜਾ ਸਾਹਿਬ ਅਤੇ ਸ਼ਾਹਕੋਟ ਦੇ ਕਈ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਗਿਰੋਹ ਵੱਲੋਂ ਵਿਆਹ ਦੇ ਨਾਮ ‘ਤੇ ਕੀਤੀ ਜਾ ਰਹੀ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਰਾਜਵਿੰਦਰ ਸਿੰਘ ਨਾਮਕ ਨੌਜਵਾਨ, ਜੋ ਪਹਿਲਾਂ ਹੀ ਇਸ ਗਿਰੋਹ ਦਾ ਸ਼ਿਕਾਰ ਬਣ ਚੁੱਕਾ ਸੀ, ਨੂੰ ਸੁਖਦਰਸ਼ਨ ਵੱਲੋਂ ਗਲਤੀ ਨਾਲ ਭੇਜਿਆ ਇੱਕ ਵਟਸਐਪ ਵੌਇਸ ਨੋਟ ਮਿਲਿਆ, ਨੋਟ ਵਿੱਚ ਪੈਸਿਆਂ ਦੀ ਗੱਲਬਾਤ ਸਪੱਸ਼ਟ ਸੀ। ਰਾਜਵਿੰਦਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਦੋਸ਼ੀਆਂ ਤੱਕ ਪਹੁੰਚ ਬਣਾਈ ਅਤੇ ਇੱਕ ਦਿਨ ਦੋਰਾਹਾ ਵਿਖੇ ਹੋਟਲ ‘ਚ ਰੇਡ ਕਰਕੇ ਮਾਂ ਸੁਖਦਰਸ਼ਨ ਕੌਰ ਅਤੇ ਹੋਰ ਦੋਸ਼ੀਆਂ ਨੂੰ ਫੜਿਆ। ਜਿਸ ਵੇਲੇ ਖੰਨਾ ਪੁਲਿਸ ਨੇ ਦੋਰਾਹਾ ਦੇ ਇੱਕ ਹੋਟਲ ‘ਚ ਰੇਡ ਮਾਰੀ ਉਸ ਵੇਲੇ ਵੀ ਉੱਥੇ ਖੰਨਾ ਦੇ ਜਸਦੀਪ ਸਿੰਘ ਦਾ ਫਰਜ਼ੀ ਵਿਆਹ ਹੋ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਸੁਖਦਰਸ਼ਨ ਕੌਰ, ਉਸਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਧੀ ਹਰਪ੍ਰੀਤ ਕੌਰ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਤਿਆਰੀ ਹੈ।

Gee98 Ads
error: Content is protected !!