ਚੰਡੀਗੜ੍ਹ,19 ਜੁਲਾਈ, Gee98 news service
ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਦੇਣ ਸਬੰਧੀ ਨਿਯਮ ਬਦਲ ਦਿੱਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ ਜੇਕਰ ਤੁਹਾਡੇ ਵਾਹਨ ‘ਤੇ ਟੋਲ ਟੈਕਸ ਦਾ ਕੋਈ ਬਕਾਇਆ ਹੈ, ਤਾਂ ਤੁਸੀਂ ਨਾ ਤਾਂ ਆਪਣਾ ਵਾਹਨ ਵੇਚ ਸਕੋਗੇ ਤੇ ਨਾ ਹੀ ਵਾਹਨ ਕਿਸੇ ਹੋਰ ਨੂੰ ਟਰਾਂਸਫਰ ਕਰ ਸਕੋਗੇ। ਨਵੇਂ ਨਿਯਮਾਂ ਵਿੱਚ ਇਹ ਸਪੱਸ਼ਟ ਹੈ ਕਿ ਤੁਸੀਂ ਆਪਣਾ ਵਾਹਾਨ ਅੱਗੇ ਤਾਂ ਹੀ ਵੇਚ ਸਕੋਗੇ ਜਾਂ ਕਿਸੇ ਹੋਰ ਦੇ ਨਾਮ ਟਰਾਂਸਫਰ ਕਰ ਸਕੋਗੇ ਜੇਕਰ ਤੁਸੀਂ ਸਬੰਧਤ ਵਾਹਨ ਦੇ ਟੋਲ ਟੈਕਸ ਬਕਾਏ ਪੂਰੇ ਭੁਗਤਾਨ ਕੀਤੇ ਗਏ ਹੋਣਗੇ। ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ (RC) ਟਰਾਂਸਫਰ ਕਰਨ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਬਕਾਇਆ ਰਕਮ ਦੀ ਜਾਂਚ ਕਰੇਗਾ,ਜੇਕਰ ਫਾਸਟੈਗ ਖਾਤੇ ‘ਚ ਕੋਈ ਬਕਾਇਆ ਰਕਮ ਹੈ, ਤਾਂ ਟਰਾਂਸਫਰ ਪ੍ਰਕਿਰਿਆ ਨੂੰ ਰੋਕ ਦਿੱਤਾ ਜਾਵੇਗਾ। ਸੜਕ ਅਤੇ ਆਵਾਜਾਈ ਮੰਤਰਾਲੇ ਦਾ ਕਹਿਣਾ ਹੈ ਕਿ ਟੋਲ ਟੈਕਸ ਸਬੰਧੀ ਇਹਨਾਂ ਨਵੇਂ ਨਿਯਮਾਂ ਦਾ ਉਦੇਸ਼ ਟੋਲ ਟੈਕਸ ਚੋਰੀ ਨੂੰ ਰੋਕਣਾ ਤੇ ਪੁਰਾਣੇ ਬਕਾਏ ਦੀ ਵਸੂਲੀ ਨੂੰ ਯਕੀਨੀ ਬਣਾਉਣਾ ਹੈ। ਜਿਹੜੇ ਵਾਹਨਾਂ ਦਾ ਟੋਲ ਟੈਕਸ ਬਕਾਇਆ ਹੈ ਉਹਨਾਂ ਦੇ ਇਲੈਕਟ੍ਰਾਨਿਕ ਚਾਲਾਨ ਵੀ ਜਾਰੀ ਕੀਤੇ ਜਾਣਗੇ, ਜਿਸ ‘ਚ ਵਾਹਨ ਨੰਬਰ, ਬਕਾਇਆ ਰਕਮ ਤੇ ਭੁਗਤਾਨ ਦੀ ਆਖ਼ਰੀ ਮਿਤੀ ਬਾਰੇ ਜਾਣਕਾਰੀ ਹੋਵੇਗੀ। ਜੇਕਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਵਾਹਨ ਮਾਲਕ ਨੂੰ ਨਾ ਤਾਂ NOC (ਨੋ ਇਤਰਾਜ਼ ਸਰਟੀਫਿਕੇਟ) ਮਿਲੇਗਾ, ਨਾ ਹੀ RC ਟਰਾਂਸਫਰ ਕੀਤਾ ਜਾਵੇਗਾ ਤੇ ਨਾ ਹੀ ਨਵੇਂ ਦਸਤਾਵੇਜ਼ ਜਾਰੀ ਕੀਤੇ ਜਾਣਗੇ। ਇਸ ਲਈ ਜੇਕਰ ਤੁਸੀਂ ਕਿਸੇ ਤੋਂ ਕੋਈ ਵਾਹਨ ਖਰੀਦ ਰਹੇ ਹੋ ਤਾਂ ਇਹ ਸਪੱਸ਼ਟ ਕਰ ਲਵੋ ਕਿ ਉਸ ਵਾਹਨ ‘ਤੇ ਕੋਈ ਟੋਲ ਟੈਕਸ ਬਕਾਇਆ ਤਾਂ ਨਹੀਂ ਹੈ।