ਚੰਡੀਗੜ੍ਹ,24 ਜੁਲਾਈ, Gee98 news service
ਲੱਗਭੱਗ 32 ਸਾਲ ਪਹਿਲਾਂ ਇੱਕ ਫਰਜ਼ੀ ਪੁਲਿਸ ਮੁਕਾਬਲੇ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਤਤਕਾਲੀ ਇੰਸਪੈਕਟਰ (ਸੇਵਾ ਮੁਕਤ ਐਸਪੀ) ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 1993 ਵਿੱਚ ਪੰਜਾਬ ਪੁਲਿਸ ਦੇ ਹੀ ਸਿਪਾਹੀਆਂ ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਕਥਿਤ ਫ਼ਰਜ਼ੀ ਮੁਕਾਬਲੇ ਨਾਲ ਜੁੜੇ ਤਤਕਾਲੀ ਇੰਸਪੈਕਟਰ (ਸੇਵਾਮੁਕਤ ਐੱਸਪੀ) ਪਰਮਜੀਤ ਸਿੰਘ ਵਿਰਕ ਨੂੰ ਅਗਵਾ (ਕਿਡਨੈਪਿੰਗ) ਦੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਦੇ ਤਿੰਨ ਹੋਰਨਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਿਪਾਹੀ ਸੁਖਵਿੰਦਰ ਸਿੰਘ ਦੇ ਭਤੀਜੇ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਪਾਹੀ ਸੁਖਵਿੰਦਰ ਸਿੰਘ 1993 ਵਿਚ ਅੰਮ੍ਰਿਤਸਰ ਦੇ ਸਦਰ ਥਾਣੇ ਵਿੱਚ ਤਾਇਨਾਤ ਸਨ। ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਉਹ ਘਰ ਹੀ ਸਨ, ਕੁਝ ਪੁਲਿਸ ਮੁਲਾਜ਼ਮ ਦੋ ਗੱਡੀਆਂ ਵਿੱਚ ਆਏ ਅਤੇ ਕਿਹਾ ਕਿ ‘ਸਾਹਿਬ ਨੇ ਬੁਲਾਇਆ ਹੈ’ ਅਤੇ ਉਹ ਸੁਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਏ ਪਰ ਉਸ ਤੋਂ ਬਾਅਦ ਸਿਪਾਹੀ ਸੁਖਵਿੰਦਰ ਸਿੰਘ ਕਦੇ ਘਰ ਵਾਪਸ ਨਹੀਂ ਆਇਆ। ਦੂਜੇ ਪੁਲਿਸ ਮੁਲਾਜ਼ਮ ਸਿਪਾਹੀ ਗੁਰਮੁਖ ਸਿੰਘ ਨਾਲ ਵੀ ਇਹੋ ਜਿਹੀ ਕਹਾਣੀ ਵਾਪਰੀ ਸੀ। ਸਿਪਾਹੀ ਗੁਰਮੁਖ ਸਿੰਘ ਦੇ ਪੁੱਤਰ, ਚਰਨਜੀਤ ਸਿੰਘ ਨੇ ਅਦਾਲਤ ਦੇ ਫ਼ੈਸਲੇ ‘ਤੇ ਅਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ, “ਅਸੀਂ ਇਸ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਦੋਸ਼ੀਆਂ ਨੂੰ ਕਤਲ ਦੇ ਮਾਮਲੇ ਵਿੱਚ ਸਜ਼ਾ ਮਿਲਣੀ ਚਾਹੀਦੀ ਸੀ। ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਮੇਰੀ ਪੂਰੀ ਜ਼ਿੰਦਗੀ ਖ਼ਰਾਬ ਹੋ ਗਈ। ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿੱਚ ਉਨ੍ਹਾਂ ਦੀ ਨੌਕਰੀ ਲੱਗ ਚੁੱਕੀ ਸੀ ਅਤੇ ਉਨ੍ਹਾਂ ਦਾ ਨਾਮ ਮੈਰਿਟ ਸੂਚੀ ਵਿੱਚ ਆ ਗਿਆ ਸੀ, ਪਰ ਇਨ੍ਹਾਂ ਦੇ ਝੂਠੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਭਰੇ ਮਨ ਨਾਲ ਕਿਹਾ, “ਇਨ੍ਹਾਂ ਨੇ ਮੇਰੇ ਪਿਤਾ ਨੂੰ ਮਾਰਿਆ ਅਤੇ ਮੇਰਾ ਕੈਰੀਅਰ ਵੀ ਬਰਬਾਦ ਕਰ ਦਿੱਤਾ। ਮੇਰੇ ਪਿਤਾ ਬਹੁਤ ਇੱਜ਼ਤਦਾਰ ਅਤੇ ਚੰਗੇ ਇਨਸਾਨ ਸਨ।” ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨੌਕਰੀ ‘ਤੇ ਬਹਾਲ ਕੀਤਾ ਜਾਵੇ। ਫ਼ੈਸਲੇ ਤੋਂ ਬਾਅਦ, ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ ਹੈ। ਤਿੰਨ ਮੁਲਜ਼ਮਾਂ ਦੇ ਬਰੀ ਹੋਣ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਉਨ੍ਹਾਂ ਨੇ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਐਲਾਨ ਕੀਤਾ ਹੈ।