ਬਰਨਾਲਾ,7 ਸਤੰਬਰ, Gee98 news service
-ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਬਣਿਆ ਮਸ਼ਹੂਰ ਦੀਪਕ ਢਾਬਾ ਅੱਜਕੱਲ੍ਹ ਚਰਚਾ ਵਿੱਚ ਹੈ। ਕੁਝ ਦਿਨ ਪਹਿਲਾਂ ਢਾਬੇ ਦੇ ਮਾਲਕ ਇੱਕ ਜ਼ਮੀਨ ਦੀ ਰਜਿਸਟਰੀ ਦੇ ਵਿਵਾਦ ਸਬੰਧੀ ਚਰਚਾ ਵਿੱਚ ਆਏ ਸਨ। ਹੁਣ ਬੀਤੇ ਕੱਲ੍ਹ ਢਾਬੇ ਦੇ ਖਾਣੇ ਵਿੱਚੋਂ ਮਰਿਆ ਹੋਇਆ ਟਿੱਡਾ ਨਿਕਲਣ ਦੀ ਵਾਇਰਲ ਵੀਡੀਓ ਨੇ ਢਾਬੇ ਦੇ ਮਾਲਕਾਂ ਦੀ ਸਿਰੇ ਦੀ ਬਦਨਾਮੀ ਕਰਵਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਇੰਸਪੈਕਟਰ ਅੰਕੁਸ਼ ਜਿੰਦਲ ਆਪਣੇ ਪਰਿਵਾਰ ਸਮੇਤ ਢਾਬੇ ‘ਤੇ ਖਾਣਾ ਖਾਣ ਗਿਆ ਸੀ। ਇੰਸਪੈਕਟਰ ਜਿੰਦਲ ਦੇ ਬੱਚਿਆਂ ਨੇ ਢਾਬੇ ਤੋਂ ਖਾਣ ਲਈ ਡੋਸਾ ਆਰਡਰ ਕੀਤਾ, ਜਦ ਬੱਚਾ ਡੋਸਾ ਖਾ ਰਿਹਾ ਸੀ ਤਾਂ ਵਿੱਚੋਂ ਮਰਿਆ ਹੋਇਆ ਇੱਕ ਟਿੱਡਾ ਨਿਕਲਿਆ ਜਿਸ ਤੋਂ ਬਾਅਦ ਇੰਸਪੈਕਟਰ ਜਿੰਦਲ ਨੇ ਢਾਬੇ ਦੇ ਮੈਨੇਜਰ ਨੂੰ ਬੁਲਾਇਆ ਅਤੇ ਉਸਦੀ ਮੌਕੇ ‘ਤੇ ਕਾਫੀ ਲਾਹ-ਪਾਹ ਕੀਤੀ। ਇਸ ਮੌਕੇ ਦੀ ਇੱਕ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ “ਇਹ ਦੀਪਕ ਢਾਬੇ ਦੀ ਵੀਡੀਓ ਹੈ ਜਿੱਥੇ ਖਾਣ ਵਾਲੇ ਡੋਸੇ ਵਿੱਚੋਂ ਮਰਿਆ ਹੋਇਆ ਟਿੱਡਾ ਨਿਕਲਿਆ ਹੈ”। ਵਾਇਰਲ ਹੋ ਰਹੀ ਵੀਡੀਓ ਵਿੱਚ ਮ੍ਰਿਤਕ ਟਿੱਡਾ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਢਾਬੇ ਦੇ ਮੈਨੇਜਰ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ “ਖਾਣੇ ਵਿੱਚ ਇਹ ਟਿੱਡਾ ਅਚਾਨਕ ਕਿੱਧਰੋਂ ਆ ਗਿਆ ਹੋਵੇਗਾ ਅਤੇ ਮੈਨੇਜਰ ਮਾਫੀ ਵੀ ਮੰਗਦਾ ਸੁਣਿਆ ਜਾ ਸਕਦਾ ਹੈ”।
ਦੱਸ ਦੇਈਏ ਕਿ ਬਰਨਾਲਾ ਦੇ ਧਨੌਲਾ ਕਸਬੇ ਵਿੱਚ ਸਥਿਤ ਇਹ ਦੀਪਕ ਢਾਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਲੀਡਰਾਂ ਦਾ ਵੀ ਪਸੰਦੀਦਾ ਖਾਣਾ ਸਥਾਨ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਅਕਸਰ ਰੁਕਦੇ ਹਨ। ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਚੋਟੀ ਦੇ ਅਫ਼ਸਰ ਵੀ ਇਸ ਢਾਬੇ ‘ਤੇ ਖਾਣਾ ਖਾਣ ਜਾਂਦੇ ਹਨ। ਯਕੀਨਨ ! ਅਜਿਹੇ ਮਸ਼ਹੂਰ ਢਾਬੇ ਦੇ ਖਾਣੇ ਵਿੱਚੋਂ ਮਰੇ ਹੋਏ ਜੀਵ ਜੰਤੂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਢਾਬੇ ‘ਤੇ ਰੂਟੀਨ ‘ਚ ਖਾਣਾ ਖਾਣ ਜਾਂਦੇ ਲੋਕਾਂ ਦੇ ਮਨਾਂ ‘ਚ ਬਿਨਾਂ ਕਿਸੇ ਮਰਜ਼ ਤੋਂ ਹੀ ਪੀੜ ਹੋ ਰਹੀ ਹੋਵੇਗੀ। ਦਰਅਸਲ ਇਹ ‘ਭਰੋਸਾ’ ਟੁੱਟਣ ਦੀ ਪੀੜ੍ਹ ਹੈ ਕਿਉਂਕਿ ਲੋਕ ਖਾਣਾ ਖਾਣ ਦੀਆਂ ਮਸ਼ਹੂਰ ਥਾਵਾਂ ‘ਤੇ ਇੱਕ ਭਰੋਸੇ ਦੇ ਨਾਲ ਹੀ ਜਾਂਦੇ ਹਨ, ਪ੍ਰੰਤੂ ਜਦੋਂ ਐਨੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਥਾਵਾਂ ‘ਤੇ ਹੀ ਬੇਭਰੋਸਗੀ ਅਤੇ ਲਾਪਰਵਾਹੀ ਸਾਹਮਣੇ ਆਵੇ ਤਾਂ ਉਸ ਥਾਂ ਦੇ ਫੈਨ ਲੋਕਾਂ ਦੇ ਮਨਾਂ ‘ਚ ਯਕੀਨਨ ਚੀਸ ਉੱਠਦੀ ਹੈ ਜੋ ਪ੍ਰਬੰਧਕਾਂ ਦੇ ਖ਼ਿਲਾਫ਼ ਗੁੱਸੇ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ ਅਤੇ ਅਜਿਹੇ ਹਾਲਾਤਾਂ ‘ਚ ਪੱਕੇ ਗ੍ਰਾਹਕ ਵੀ ਮੂੰਹ ਮੋੜ ਲੈਂਦੇ ਹਨ। ਦੂਜੇ ਪਾਸੇ ਇਸ ਮਾਮਲੇ ਸਬੰਧੀ ਢਾਬੇ ਦੇ ਮਾਲਕ ਮਨਦੀਪ ਦੁੱਗਲ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਹਨ ਵੈਸੇ ਉਹ ਸਫ਼ਾਈ ਦਾ ਪੂਰਾ ਧਿਆਨ ਰੱਖਦੇ ਹਨ।










