ਚੰਡੀਗੜ੍ਹ, 6 ਸਤੰਬਰ, Gee98 news service
–ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਅੱਧੇ ਤੋਂ ਵੱਧ ਪੰਜਾਬ ‘ਚ ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਤੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਪੱਧਰ ‘ਤੇ ਅਤੇ ਸਮਾਜ ਸੇਵੀ ਜਥੇਬੰਦੀਆਂ ਸਮੇਤ ਆਮ ਲੋਕ ਹੜ੍ਹ ਪੀੜਿਤ ਲੋਕਾਂ ਲਈ ਰਾਹਤ ਕੰਮਾਂ ਵਿੱਚ ਜੁਟੇ ਹੋਏ ਹਨ। ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਪਾਰਟੀ ਇਨਾਂ ਮਾੜੇ ਹਾਲਾਤਾਂ ਦੌਰਾਨ ਵੀ ਅਜੀਬ ਸਿਆਸੀ ਮਾਹੌਲ ਵਿੱਚ ਫਸੀ ਹੋਈ ਹੈ। ਹੜ੍ਹ ਪੀੜ੍ਹਤ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ ਕਿ ਕੋਈ ਵੱਡਾ ਰਾਹਤ ਦਾ ਐਲਾਨ ਸਰਕਾਰ ਇਹਨਾਂ ਲੋਕਾਂ ਲਈ ਕਰੇਗੀ ਪ੍ਰੰਤੂ ਪੰਜਾਬ ਦੀ ਆਪ ਸਰਕਾਰ ਦੇ ਅੰਦਰੂਨੀ ਸਿਆਸੀ ਹਾਲਾਤ ਬਹੁਤੇ ਚੰਗੇ ਨਹੀਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਭਗਵੰਤ ਮਾਨ ਨੂੰ ਉਤਾਰਨਾ ਚਾਹੁੰਦੀ ਹੈ, ਭਾਵੇਂ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਆਪ ਦੀ ਕੌਮੀ ਲੀਡਰਸ਼ਿਪ ਦੀ ਇਸ ਯੋਜਨਾ ਨੂੰ ਸਿਰਫ਼ ਅਫਵਾਹਾਂ ਦੱਸਿਆ ਜਾ ਰਿਹਾ ਪ੍ਰੰਤੂ ਇਹ ਅਫ਼ਵਾਹਾਂ ਨਹੀਂ ਹਨ ਜਦ ਕਿ ਇਹ ਸੱਚਾਈ ਹੈ ਕਿ ਭਗਵੰਤ ਮਾਨ ਨੂੰ ਬਦਲਣ ਦੀ ਯੋਜਨਾ ਬਿਲਕੁਲ ਤਿਆਰ ਹੈ।
ਸੂਤਰਾਂ ਅਨੁਸਾਰ ‘ਆਪ’ ਦੀ ਕੌਮੀ ਲੀਡਰਸ਼ਿਪ ਮਾਝੇ ਦੇ ਇੱਕ ਗੁਰਸਿੱਖ ਸਰਦਾਰ ਵਿਧਾਇਕ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਅਤੇ ਮਾਲਵੇ ਦੇ ਦੋ ਮੰਤਰੀਆਂ ਨੂੰ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਹਨਾਂ ਦੋ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਹਿੰਦੂ ਚਿਹਰਾ ਹੋਵੇਗਾ ਤੇ ਦੂਜਾ ਦਲਿਤ ਚਿਹਰਾ ਹੋਵੇਗਾ। ਆਪ ਦੀ ਕੌਮੀ ਲੀਡਰਸ਼ਿਪ ਨੇ ਆਪਣੀ ਇਸ ਯੋਜਨਾ ਨੂੰ ਅਗਸਤ ਦੇ ਦੂਜੇ ਹਫ਼ਤੇ ਲਾਗੂ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਪੰਜਾਬ ‘ਚ ਹੜਾਂ ਦੀ ਮਾਰ ਨੇ ਸਾਰੀ ਖੇਡ ਵਿਗਾੜ ਦਿੱਤੀ। ਭਰੋਸੇਯੋਗ ਸੂਤਰਾਂ ਅਨੁਸਾਰ ਆਪ ਦੀ ਕੌਮੀ ਲੀਡਰਸ਼ਿਪ ਨੇ ਹੜ੍ਹਾਂ ਦੀ ਮਾਰ ਦੇ ਦੌਰਾਨ ਹੀ ਚੜ੍ਹਦੇ ਸਤੰਬਰ ਆਪਣੀ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਲਾਕਾਰੀ ਦਿਖਾਈ। ਬਤੌਰ ਕਮੇਡੀਅਨ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਕਲਾਕਾਰੀ ਨੇ ਆਪ ਦੀ ਕੌਮੀ ਲੀਡਰਸ਼ਿਪ ਦੀ ਯੋਜਨਾ ਨੂੰ ਫਿਲਹਾਲ ਚਿੱਤ ਕਰ ਦਿੱਤਾ ਪ੍ਰੰਤੂ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਆਪ ਦੀ ਕੌਮੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆ ਸਕਦੀ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਯਤਨ ਕਰ ਚੁੱਕੀ ਹੈ ਪ੍ਰੰਤੂ ਹਰ ਵਾਰ ਭਗਵੰਤ ਮਾਨ ਕੋਈ ਨਵੀਂ ਖੇਡ, ਖੇਡ ਕੇ ਬਚ ਜਾਂਦਾ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਪ ਦੀ ਕੌਮੀ ਲੀਡਰਸ਼ਿਪ ਚਾਹੁੰਦੀ ਹੈ ਕਿ ਭਗਵੰਤ ਮਾਨ ਆਪਣੇ ਆਪ ਹੀ ਮੁੱਖ ਮੰਤਰੀ ਦੇ ਅਹੁਦੇ ਦੇ ਤੋਂ ਅਸਤੀਫ਼ਾ ਦੇ ਦੇਣ, ਪਰੰਤੂ ਭਗਵੰਤ ਮਾਨ ਨੇ ਅਸਤੀਫ਼ਾ ਦੇਣ ਲਈ ਦੋ ਟੁੱਕ ਜਵਾਬ ਦੇ ਦਿੱਤਾ ਹੈ।
ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਲੈਣ ਆਏ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸ਼ੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਪ੍ਰੰਤੂ ਗੱਲਬਾਤ ਦੌਰਾਨ ਮਨੀਸ਼ ਸਿਸੋਦੀਆ ਦੇ ਹਾਵ ਭਾਵ ਇਹ ਸਪੱਸ਼ਟ ਕਰ ਰਹੇ ਸਨ ਕਿ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ। ਬਹਰਰਾਲ ! ਭਗਵੰਤ ਮਾਨ ਦੀ “ਸਿਹਤ ਟਰਿੱਕ” ਨੇ ਇੱਕ ਵਾਰ ਆਪ ਦੀ ਕੌਮੀ ਲੀਡਰਸ਼ਿਪ ਦੀ ਯੋਜਨਾ ਨੂੰ ਫੇਲ ਕਰ ਦਿੱਤਾ ਪ੍ਰੰਤੂ ਇਹ ਵੇਖਣਾ ਹੋਵੇਗਾ ਕਿ ਆਪ ਦੀ ਕੌਮੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਇਸ ਯੋਜਨਾ ਨੂੰ ਕਿਵੇਂ ਨੇਪਰੇ ਚਾੜੇਗੀ ਕਿਉਂਕਿ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਨਾਲ ਜਾਣਾ ਚਾਹੁੰਦੀ ਹੈ।










