ਚੰਡੀਗੜ੍ਹ,15 ਸਤੰਬਰ, Gee98 news service-
-ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲ ਦੇ ਇੱਕ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਜਾਣ ਤੋਂ ਬਾਅਦ ਸੂਬੇ ‘ਚ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਮਾਹੌਲ ਭਖਿਆ ਹੋਇਆ ਹੈ। ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਪਿੰਡਾਂ ਵਿੱਚ ਰਹਿਣ ਸਮੇਤ ਹੋਰ ਕਈ ਸਖ਼ਤ ਮਤੇ ਪਾਸ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਤੋਂ ਸਾਹਮਣੇ ਆ ਰਿਹਾ ਜਿੱਥੋਂ ਦੀ ਪੰਚਾਇਤ ਨੇ ਪਰਵਾਸੀ ਮਜ਼ਦੂਰਾਂ ਦੇ ਪਿੰਡ ਵਿੱਚ ਰਹਿਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਿੰਡ ਦੀ ਪੰਚਾਇਤ ਦੀ ਅਗਵਾਈ ਵਿੱਚ ਪਿੰਡ ਨੇ ਫੈਸਲਾ ਕੀਤਾ ਕਿ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਕੋਈ ਘਰ ਜਾਂ ਜ਼ਮੀਨ ਨਹੀਂ ਖਰੀਦ ਸਕਣਗੇ। ਇਸ ਦੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਲਈ ਆਧਾਰ ਕਾਰਡ ਬਣਾਉਣ ਅਤੇ ਵੋਟ ਪਾਉਣ ‘ਤੇ ਪਾਬੰਦੀ ਹੋਵੇਗੀ। ਪਿੰਡ ਆਉਣ ਵਾਲੇ ਪ੍ਰਵਾਸੀ ਸਿਰਫ਼ ਖੇਤ ਦੀ ਮੋਟਰ ‘ਤੇ ਹੀ ਰਹਿ ਸਕਣਗੇ।ਜਿਸ ਕਿਸਾਨ ਦੇ ਖੇਤ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਉਹ ਕਿਸਾਨ ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ। ਹਰ ਪ੍ਰਵਾਸੀ ਮਜ਼ਦੂਰ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ। ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਕੀਤੇ ਇਸ ਫੈਸਲੇ ਤੋਂ ਬਾਅਦ ਚਰਚਾ ਛਿੜੀ ਹੋਈ ਹੈ ਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਘੁਸਰ ਮੁਸਰ ਹੋ ਰਹੀ ਹੈ।
ਧਿਆਨ ਰਹੇ ਕਿ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਤਾਂ ਪ੍ਰਵਾਸੀ ਮਜ਼ਦੂਰ ਪਿਛਲੇ ਕਈ ਸਾਲਾਂ ਤੋਂ ਪੱਕੀ ਰਿਹਾਇਸ਼ ਵੀ ਬਣਾ ਕੇ ਬੈਠੇ ਹਨ ਪ੍ਰੰਤੂ ਹੁਣ ਪੰਜਾਬ ਦੇ ਪਿੰਡਾਂ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕੁਝ ਸਾਲਾਂ ਤੋਂ ਵੱਧ ਰਹੀ ਹੈ ਅਤੇ ਪਿੰਡਾਂ ਵਿੱਚ ਇਹ ਪ੍ਰਵਾਸੀ ਮਜ਼ਦੂਰ ਜਾਇਦਾਦ ਖਰੀਦ ਕੇ ਪੱਕੇ ਮਕਾਨ ਵੀ ਬਣਾਈ ਬੈਠੇ ਹਨ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਜੁਰਮ ਦੀਆਂ ਕਹਾਣੀਆਂ ਸੁਣ/ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਹਨ, ਜਿਸ ਦੀ ਮਿਸਾਲ ਹੁਸ਼ਿਆਰਪੁਰ ਜ਼ਿਲ੍ਹੇ ‘ਚ ਇੱਕ ਪੰਜ ਸਾਲ ਦੇ ਬੱਚੇ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਮਿਲਦੀ ਹੈ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਪੰਜਾਬ ‘ਚ ਹੁਣ ਉੱਠ ਰਹੀ ਲਹਿਰ ਤੋਂ ਬਾਅਦ ਇਹ ਖੁਲਾਸੇ ਵੀ ਸਾਹਮਣੇ ਆ ਰਹੇ ਹਨ ਕਿ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਯੂਪੀ ਅਤੇ ਬਿਹਾਰ ਵਿੱਚ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਉਹ ਪੰਜਾਬ ‘ਚ ਪੱਕੀ ਜਾਇਦਾਦ ਖਰੀਦ ਕੇ ਰਹਿ ਰਹੇ ਹਨ।










