ਬਰਨਾਲਾ,9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਬਾਜ਼ਾਰਾਂ ਵਿੱਚ ਜਿੱਥੇ ਇੱਕ ਪਾਸੇ ਟਰੈਫਿਕ ਦੀ ਵਿਗੜੀ ਹੋਈ ਵਿਵਸਥਾ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ, ਉੱਥੇ ਬਰਨਾਲਾ ਦੇ ਇੱਕ ਫਲਾਈਓਵਰ ‘ਤੇ ਬੰਦ ਕੀਤੀ ਟਰੈਫਿਕ ਦੀ ਸਮੱਸਿਆ ਵੀ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਨਹੀਂ ਹੋਈ ਹੈ। ਦੱਸ ਦੇਈਏ ਕਿ ਬਰਨਾਲਾ ਦੇ ਕਚਹਿਰੀ ਰੋਡ ਤੋਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਰਿਹਾਇਸ਼ ਵੱਲ ਬਾਜਾਖਾਨਾ ਰੋਡ ‘ਤੇ ਬਣੇ ਫਲਾਈਓਵਰ ਨੂੰ ਪਿਛਲੇ ਲੱਗਭੱਗ ਇੱਕ ਮਹੀਨੇ ਤੋਂ ਪ੍ਰਸ਼ਾਸਨ ਨੇ ਬੰਦ ਕੀਤਾ ਹੋਇਆ ਹੈ। ਪੰਜਾਬ ‘ਚ ਹੜ੍ਹਾਂ ਦੇ ਦੌਰਾਨ ਜ਼ਿਆਦਾ ਮੀਂਹ ਪੈਣ ਕਾਰਨ ਇਹ ਫਲਾਈਓਵਰ ਡੈਮੇਜ ਹੋ ਗਿਆ ਸੀ ਜਿਸ ਦੀ ਮਰੁੰਮਤ ਲਈ ਇਸ ਨੂੰ ਬੰਦ ਕੀਤਾ ਗਿਆ ਪ੍ਰੰਤੂ ਮਰੁੰਮਤ ਦਾ ਕੰਮ ਕੀੜੀ ਦੀ ਰਫ਼ਤਾਰ ‘ਤੇ ਹੋਣ ਕਾਰਨ ਲੋਕ ਪਰੇਸ਼ਾਨੀ ਝੱਲ ਰਹੇ ਹਨ। ਇਹ ਫਲਾਈਓਵਰ ਬੰਦ ਹੋਣ ਕਾਰਨ ਬਰਨਾਲਾ ਤੋਂ ਚੰਡੀਗੜ੍ਹ, ਪਟਿਆਲਾ, ਸੰਗਰੂਰ, ਭੀਖੀ, ਧੂਰੀ, ਨਾਭਾ, ਬੁਢਲਾਡਾ, ਮਾਨਸਾ, ਸਿਰਸਾ, ਬਠਿੰਡਾ ਜਾਣ ਵਾਲੀਆਂ ਬੱਸਾਂ ਨੂੰ ਕਈ ਕਿਲੋਮੀਟਰ ਦੀ ਵੱਧ ਦੂਰੀ ਤੈਅ ਕਰਕੇ ਦੂਜੇ ਪਾਸੇ ਤੋਂ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਕਚਹਿਰੀ ਚੌਂਕ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਦੋ ਮਿੰਟ ਦੀ ਦੂਰੀ, ਅੱਧੇ ਪੌਣੇ ਘੰਟੇ ਵਿੱਚ ਤੈਅ ਕਰਨੀ ਪੈਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਵੀ ਇਹ ਪੁਲ ਲੱਗਭੱਗ 15 ਦਿਨ ਹੋਰ ਬੰਦ ਰਹਿ ਸਕਦਾ ਹੈ ਕਿਉਂਕਿ ਇਸ ਪਾਸੇ ਨਾ ਤਾਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਾ ਹੀ ਸੱਤਾਧਾਰੀਆਂ ਦਾ ਧਿਆਨ ਹੈ।










