ਚੰਡੀਗੜ੍ਹ,26 ਅਕਤੂਬਰ, Gee98 news service-
-ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਨਾਲ ਸੰਬੰਧਿਤ ਇੱਕ ਸਰਕਾਰੀ ਦਫ਼ਤਰ ਬੰਦ ਕਰਨ ਦੀ ਚਰਚਾ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਜਲਦੀ ਹੀ ਸੂਬੇ ਦੇ ਸਾਰੇ RTO ਦਫ਼ਤਰ ਬੰਦ ਕਰਨ ਜਾ ਰਹੀ ਹੈ, ਜਿਸ ਤੋਂ ਬਾਅਦ ਇਹਨਾਂ ਦਫ਼ਤਰਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾਣਗੀਆਂ। ਭਾਵੇਂ ਕਿ ਸਰਕਾਰ ਦੀ ਆਰਟੀਓ ਦਫ਼ਤਰ ਬੰਦ ਕਰਨ ਦੀ ਯੋਜਨਾ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਪਰੰਤੂ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਇਸ ਯੋਜਨਾ ਨੂੰ ਲੱਗਭੱਗ ਅਮਲੀ ਰੂਪ ਦੇ ਦਿੱਤਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇਸੇ ਮਹੀਨੇ ਦੇ ਅਖੀਰ ਵਿੱਚ ਲੁਧਿਆਣਾ ਦੇ RTO ਦਫਤਰ ਨੂੰ ਰਸਮੀ ਤੌਰ ‘ਤੇ ਬੰਦ ਕਰਨਗੇ ਤੇ ਉਸ ਤੋਂ ਬਾਅਦ ਸੂਬੇ ਦੇ ਸਾਰੇ RTO ਦਫ਼ਤਰਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਸੇਵਾ ਕੇਂਦਰ ਪਹਿਲਾਂ ਹੀ ਆਰਟੀਓ ਨਾਲ ਸਬੰਧਤ ਕਈ ਕੰਮ ਸੰਭਾਲਦੇ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ, ਜਿਸ ਤੋਂ ਬਾਅਦ ਆਰਟੀਓ ਦਫ਼ਤਰਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸੂਤਰਾਂ ਅਨੁਸਾਰ ਸਰਕਾਰ ਨੇ ਇਹ ਫੈਸਲਾ ਕਥਿਤ ਭ੍ਰਿਸ਼ਟਾਚਾਰ ਅਤੇ ਆਰਟੀਓ ਦਫ਼ਤਰਾਂ ਵਿੱਚ ਲੋਕਾਂ ਦੇ ਕੰਮਾਂ ਦੀ ਦੇਰੀ ਕਾਰਨ ਲਿਆ ਹੈ। ਵਿਭਾਗ ਦੇ ਕਰਮਚਾਰੀਆਂ ਦਾ ਮੰਨਣਾ ਹੈ ਕਿ ਆਰਟੀਓ ਦਫ਼ਤਰ ਸਿਰਫ਼ ਰਬੜ ਸਟੈਂਪ ਬਣ ਜਾਣਗੇ, ਜੋ ਸਿਰਫ਼ ਦਸਤਾਵੇਜ਼ਾਂ ਲਈ ਅੰਤਿਮ ਪ੍ਰਵਾਨਗੀਆਂ ਪ੍ਰਦਾਨ ਕਰਨਗੇ। ਜਦੋਂ ਕਿ ਜ਼ਿਆਦਾਤਰ ਜਨਤਕ-ਮੁਖੀ ਕੰਮ ਸੇਵਾ ਕੇਂਦਰਾਂ ਵਿੱਚ ਤਬਦੀਲ ਕੀਤੇ ਜਾਣਗੇ।










