ਚੰਡੀਗੜ੍ਹ ,26 ਅਕਤੂਬਰ , Gee98 news service-
-ਪੰਜਾਬੀ ਗਾਇਕ ਗੁਲਾਬ ਸਿੱਧੂ ਆਪਣੇ ਇੱਕ ਨਵੇਂ ਗੀਤ ਕਾਰਨ ਵਿਵਾਦਾਂ ਵਿੱਚ ਫਸ ਗਏ ਹਨ। ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੇ ਗੁਲਾਬ ਸਿੱਧੂ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਗੁਲਾਬ ਸਿੱਧੂ ਆਪਣੇ ਗੀਤ “ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ” ਦੇ ਕਾਰਨ ਸਰਪੰਚ ਅੱਗ ਬਬੂਲੇ ਹੋਏ ਹਨ ਜਿਸ ਤੋਂ ਬਾਅਦ ਇਕੱਠੇ ਹੋ ਕੇ ਸਰਪੰਚਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਗੁਲਾਬ ਸਿੱਧੂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਗੀਤ ਡਿਲੀਟ ਮਾਰ ਦੇਵੇ ਨਹੀਂ ਤਾਂ ਉਸ ਦੇ ਖ਼ਿਲਾਫ਼ ਹਰ ਮੁਹਾਜ ‘ਤੇ ਮੋਰਚਾ ਖੋਲਿਆ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚਾਂ ਨੇ ਕਿਹਾ ਕਿ ਗੁਲਾਬ ਸਿੱਧੂ ਦੇ ਨਵੇਂ ਗੀਤ ਦੇ ਸ਼ਬਦ ਸਰਪੰਚਾਂ ਦੀ ਇੱਜ਼ਤ ਅਤੇ ਰੁਤਬੇ ਦੇ ਖ਼ਿਲਾਫ਼ ਹਨ, ਜਿਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸ ਦੇਈਏ ਕਿ ਗੁਲਾਬ ਸਿੱਧੂ ਨੇ ਆਪਣਾ ਇੱਕ ਨਵਾਂ ਗਾਣਾ ਕੱਢਿਆ ਜਿਸ ਦਾ ਵਿਸ਼ਾ ਵਸਤੂ ਹੈ ਕਿ ਇੱਕ ਪਿੰਡ ਦੀ ਕੁੜੀ ਦੀ ਆਸ਼ਕੀ ਦੀ ਖਾਤਰ ਇੱਕ ਮਨਚਲਾ ਨੌਜਵਾਨ ਕਹਿ ਰਿਹਾ ਹੈ ਕਿ ਉਹ ਉਸ ਕੁੜੀ ਦੀ ਖ਼ਾਤਰ ਸਣੇ ਸਰਪੰਚ ਸਾਰੇ ਪਿੰਡ ਨੂੰ ਵੀ ਕੁੱਟ ਦੇਵੇਗਾ। ਸਰਪੰਚਾਂ ਦਾ ਮੰਨਣਾ ਹੈ ਕਿ ਇਸ ਗੀਤ ਦਾ ਵਿਸ਼ਾ ਵਸਤੂ ਨੌਜਵਾਨ ਪੀੜੀ ਨੂੰ ਪਿੰਡਾਂ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਦੇ ਸਤਿਕਾਰ ਦੇ ਖ਼ਿਲਾਫ਼ ਭੜਕਾਉਣਾ ਹੈ। ਸਰਪੰਚਾਂ ਨੇ ਕਿਹਾ ਕਿ ਇਹ ਪਿੰਡਾਂ ਦੀਆਂ ਪੰਚਾਇਤਾਂ ਹੀ ਹਨ ਜਿਹੜੀਆਂ ਪਿੰਡ ਦੇ ਹਰ ਮਸਲੇ ਨੂੰ ਆਪਣੀ ਲਿਆਕਤ ਅਤੇ ਸੂਝ ਬੂਝ ਦੇ ਸਦਕਾ ਨਿਬੇੜਦੀਆਂ ਹਨ ਅਤੇ ਲੋਕਾਂ ਨੂੰ ਲੰਮੇ ਕਾਨੂੰਨੀ ਚੱਕਰਾਂ ਤੋਂ ਵੀ ਬਚਾ ਲੈਂਦੀਆਂ ਹਨ। ਕੁਝ ਸਰਪੰਚਾਂ ਨੇ ਇਹ ਵੀ ਕਿਹਾ ਕਿ ਇਹ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ ਕਿ ਪਿੰਡ ਦੀ ਹਰ ਔਰਤ ਦੀ ਇੱਜ਼ਤ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਸਬਕ ਸਿਖਾਇਆ ਜਾਵੇ। ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚਾਂ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਦੀ ਹਮਾਇਤ ਹਾਸਿਲ ਕਰਕੇ ਹੀ ਇਹ ਲੋਕ ਸਟਾਰ ਬਣ ਜਾਂਦੇ ਹਨ ਪ੍ਰੰਤੂ ਸਟਾਰ ਕਲਾਕਾਰ ਦੀ ਫੀਲਿੰਗ ਲੈਣ ਤੋਂ ਬਾਅਦ ਇਹ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਪੈਂਦੇ ਹਨ।
ਸਰਪੰਚਾਂ ਨੇ ਇਹ ਵੀ ਕਿਹਾ ਕਿ ਗੁਲਾਬ ਸਿੱਧੂ ਨੇ ਸਰਪੰਚਾਂ ਦੀ ਅਣਖ ਅਤੇ ਗ਼ੈਰਤ ਨੂੰ ਵੰਗਾਰ ਪਾਈ ਹੈ ਅਤੇ ਹੁਣ ਉਸ ਨੂੰ ਇੱਕ ਪਿੰਡ ਤੋਂ ਲੈ ਕੇ ਸਾਰੇ ਪੰਜਾਬ ਦੀਆਂ ਪੰਚਾਇਤਾਂ ਤੱਕ ਹਰ ਮੁਹਾਜ਼ ‘ਤੇ ਘੇਰਿਆ ਜਾਵੇਗਾ। ਸਰਪੰਚਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ੇ, ਹਥਿਆਰ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਪੰਜਾਬੀ ਰਿਸ਼ਤਿਆਂ ਨੂੰ ਵਿਗਾੜਨ ਵਾਲੇ ਗੀਤਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ। ਸਰਪੰਚਾਂ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗੁਲਾਬ ਸਿੱਧੂ ਦੇ ਪੇਜ ਅਤੇ ਚੈਨਲ ਨੂੰ ਅਨਫੋਲੋ ਕੀਤਾ ਜਾਵੇ। ਇਸ ਮੌਕੇ ਸਰਪੰਚਾਂ ਨੇ ਕਿਹਾ ਕਿ ਜਦ ਇਸ ਗੀਤ ਸਬੰਧੀ ਗੁਲਾਬ ਸਿੱਧੂ ਦੇ ਪਰਿਵਾਰ ਤੱਕ ਪਹੁੰਚ ਕੀਤੀ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਪੰਚਾਂ ਨਾਲ ਬਦਸਲੂਕੀ ਕਰਦੇ ਹੋਏ ਕਿਹਾ ਕਿ ਗੁਲਾਬ ਸਿੱਧੂ ਨਾ ਮਾਫ਼ੀ ਮੰਗੇਗਾ ਤੇ ਨਾ ਹੀ ਆਪਣਾ ਗੀਤ ਡਿਲੀਟ ਕਰੇਗਾ, ਜਿਸ ਤੋਂ ਬਾਅਦ ਸਰਪੰਚਾਂ ਨੇ ਗੁਲਾਬ ਸਿੱਧੂ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਅਤੇ ਹੁਣ ਸਰਪੰਚ ਅਤੇ ਸਿੱਧੂ ਆਹਮੋ ਸਾਹਮਣੇ ਹਨ।










