ਬਰਨਾਲਾ,29 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਸਰਕਾਰ ਵੱਲੋਂ ਬਰਨਾਲਾ ਦੇ ਫਰਵਾਹੀ ਬਾਜ਼ਾਰ ਵਿੱਚ ਸਥਿਤ ਖੇਤੀਬਾੜੀ ਦਫ਼ਤਰ ਦੀ ਜਗ੍ਹਾ, ਜੋ ਮਾਰਕੀਟ ਕਮੇਟੀ ਦੀ ਮਲਕੀਅਤ ਹੇਠ ਹੈ, ਨੂੰ ਵੇਚਣ ਦੇ ਖ਼ਿਲਾਫ਼ ਸ਼ਹਿਰ ਵਾਸੀਆਂ ‘ਚ ਰੋਸ ਤੇ ਵਿਰੋਧ ਦੀ ਲਹਿਰ ਖੜੀ ਹੋ ਰਹੀ ਹੈ। ਦੱਸ ਦੇਈਏ ਕਿ ਪੰਜਾਬ ਰਾਜ ਮੰਡੀ ਬੋਰਡ ਨੇ 31 ਅਕਤੂਬਰ ਤੱਕ ਇਸ ਜਗ੍ਹਾ ਦੀ ਈ-ਨਿਲਾਮੀ ਤਾਰੀਕ ਫਿਕਸ ਕੀਤੀ ਹੋਈ ਹੈ, ਜਿਸ ਤੋਂ ਬਾਅਦ ਵੱਧ ਬੋਲੀ ਦੇਣ ਵਾਲੇ ਨੂੰ ਇਹ ਜਗ੍ਹਾ ਸਪੁਰਦ ਕਰ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਖੇਤੀਬਾੜੀ ਦਫ਼ਤਰ ਵਾਲੀ ਇਸ ਜਗ੍ਹਾ ਦੀ ਸ਼ੁਰੂਆਤੀ ਬੋਲੀ ਦੀ ਰਕਮ ਤਿੰਨ ਕਰੋੜ 93 ਲੱਖ ਦੇ ਕਰੀਬ ਰੱਖੀ ਹੈ, ਭਾਵੇਂ ਕਿ ਇਸ ਤੋਂ ਵੱਧ ਰਕਮ ਦੀ ਬੋਲੀ ਦੇਣ ਵਾਲਾ ਹੀ ਇਸ ਜਗ੍ਹਾ ਦਾ ਮਾਲਕ ਬਣੇਗਾ ਪ੍ਰੰਤੂ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਆਖ਼ਰ ਇਸ ਬੇਸ਼ਕੀਮਤੀ ਜਗ੍ਹਾ ਦੀ ਸ਼ੁਰੂਆਤੀ ਬੋਲੀ ਰਕਮ ਐਨੀ ਘੱਟ ਕਿਉਂ ਰੱਖੀ ਗਈ ਹੈ। ਇਹ ਜਗ੍ਹਾ ਕਰੀਬ 48 ਫੁੱਟ ਚੌੜੀ ਅਤੇ 100 ਫੁੱਟ ਲੰਮੀ ਹੈ। ਖੇਤੀਬਾੜੀ ਦਫ਼ਤਰ ਵਾਲੀ ਇਸ ਜਗ੍ਹਾ ਦੇ ਆਂਢ ਗੁਆਂਢ ਕੁਝ ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਿਆ ਕਿ ਇੱਥੇ 12 ਤੋਂ 15 ਫੁੱਟ ਚੌੜੀ ਅਤੇ 70 ਤੋਂ 100 ਫੁੱਟ ਲੰਮੀ ਦੁਕਾਨ ਦੀ ਕੀਮਤ 7 ਤੋਂ 10 ਕਰੋੜ ਦੇ ਲੱਗਭੱਗ ਹੈ। ਹੈਰਾਨੀ ਦੀ ਗੱਲ ਹੈ ਕਿ ਵਿਭਾਗ ਨੇ ਇਸ ਤੋਂ ਚੌਗਣੀ ਜਗ੍ਹਾ ਦੀ ਸ਼ੁਰੂਆਤੀ ਬੋਲੀ ਦੀ ਰਕਮ 4 ਕਰੋੜ ਤੋਂ ਵੀ ਘੱਟ ਰੱਖੀ ਹੈ।
ਬੁੱਧਵਾਰ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਭਾਜਪਾ ਆਗੂ ਰਜਿੰਦਰ ਉਪਲ ਸਮੇਤ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਭੇਜ ਕੇ ਇਸ ਬੇਸ਼ਕੀਮਤੀ ਜਗ੍ਹਾ ਨੂੰ ਵੇਚਣ ਦੀ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਵੀ ਕੀਤੀ ਹੈ। ਇਸ ਸਬੰਧੀ ਉਕਤ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਕਿਸੇ ਵੀ ਹਾਲਤ ਵਿੱਚ ਇਹ ਜਗ੍ਹਾ ਵੇਚਣ ਨਹੀਂ ਦੇਣਗੇ ਜੇਕਰ ਸਰਕਾਰ ਨੇ ਈ-ਨਿਲਾਮੀ ਰਾਹੀਂ ਇਹ ਜਗ੍ਹਾ ਕਿਸੇ ਫਾਰਮ ਜਾਂ ਪ੍ਰਾਈਵੇਟ ਵਿਅਕਤੀ ਨੂੰ ਵੇਚ ਵੀ ਦਿੱਤੀ ਤਾਂ ਸਬੰਧਿਤ ਵਿਅਕਤੀ ਜਾਂ ਫਰਮ ਨੂੰ ਇਸ ਦਾ ਕਬਜ਼ਾ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਇਸ ਦੇ ਲਈ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਟਰੈਫਿਕ ਦੀ ਸਮੱਸਿਆ ਬਰਨਾਲਾ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਹ ਜਗ੍ਹਾ ਸ਼ਹਿਰ ਦੀ ਟ੍ਰੈਫਿਕ ਨੂੰ ਕਾਫੀ ਹੱਦ ਤੱਕ ਹੱਲ ਕਰ ਸਕਦੀ ਹੈ ਪ੍ਰੰਤੂ ਸਭ ਕੁਝ ਜਾਣਦੇ ਹੋਏ ਵੀ ਸਰਕਾਰ ਇਸ ਬੇਸ਼ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਵੇਚਣ ‘ਤੇ ਤੁਲੀ ਹੋਈ ਹੈ ਅਤੇ ਸਥਾਨਕ ਸੱਤਾਧਾਰੀ ਆਗੂਆਂ ਨੇ ਸਾਜਿਸ਼ੀ ਚੁੱਪ ਧਾਰਨ ਕੀਤੀ ਹੋਈ ਹੈ।











