ਬਰਨਾਲਾ ,2 ਨਵੰਬਰ , (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਆਪਣੇ ਜੱਦੀ ਸ਼ਹਿਰ ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲਣ ਵਾਲੀ ਸੁਪਰ ਫਾਸਟ ਰੇਲ “ਵੰਦੇ ਭਾਰਤ” ਦੇ ਠਹਿਰਾਓ ਕਰਨ ਦੇ ਯਤਨ ਕਾਮਯਾਬ ਨਹੀਂ ਹੋਏ। ਦੱਸ ਦੇਈਏ ਕਿ ਜਦੋਂ ਰੇਲ ਮੰਤਰਾਲਾ ਨੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਟ੍ਰੇਨ ਚੱਲਣ ਦਾ ਐਲਾਨ ਕੀਤਾ ਸੀ ਤਾਂ ਮੈਂਬਰ ਪਾਰਲੀਮੈਂਟ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਬਰਨਾਲਾ ਸਟੇਸ਼ਨ ‘ਤੇ ਇਸਦੇ ਠਹਿਰਾਓ ਦੀ ਮੰਗ ਕੀਤੀ ਸੀ ਅਤੇ ਇਸ ਮੁਲਾਕਾਤ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਜਿਸ ਵਿੱਚ ਉਹਨਾਂ ਬਰਨਾਲਾ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਐਲਾਨ ਕੀਤਾ ਸੀ ਕਿ ਵੰਦੇ ਭਾਰਤ ਟ੍ਰੇਨ ਬਰਨਾਲਾ ਸਟੇਸ਼ਨ ‘ਤੇ ਰੁਕੇਗੀ, ਮੀਤ ਹੇਅਰ ਨੇ ਇਸ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਮਿਲੇ ਹਨ ਅਤੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲਣ ਵਾਲੀ ਸੁਪਰ ਫਾਸਟ ਟ੍ਰੇਨ ਵੰਦੇ ਭਾਰਤ ਬਰਨਾਲਾ ਦੇ ਸਟੇਸ਼ਨ ‘ਤੇ ਵੀ ਰੁਕੇਗੀ। ਮੀਤ ਹੇਅਰ ਨੇ ਇਹ ਵੀ ਕਿਹਾ ਸੀ ਕਿ ਜਿਸ ਦਿਨ ਇਹ ਟ੍ਰੇਨ ਬਰਨਾਲਾ ਦੇ ਸਟੇਸ਼ਨ ‘ਤੇ ਰੁਕੇਗੀ ਉਹ ਬਰਨਾਲਾ ਵਾਸੀਆਂ ਨੂੰ ਨਾਲ ਲੈ ਕੇ ਇਸ ਦਾ ਪੁਰਜ਼ੋਰ ਸਵਾਗਤ ਕਰਨਗੇ ਪ੍ਰੰਤੂ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਇਹਨਾਂ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਰੇਲ ਮੰਤਰਾਲੇ ਵੱਲੋਂ ਫਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਟ੍ਰੇਨ ਦੇ ਰੋਕਣ ਦੇ ਜਿਹੜੇ ਸਟੇਸ਼ਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਵਿੱਚ ਬਰਨਾਲਾ ਸਟੇਸ਼ਨ ਦਾ ਨਾਮ ਦਰਜ ਨਹੀਂ ਹੈ। ਜ਼ਿਕਰਯੋਗ ਹੈ ਕਿ ਰੇਲ ਮੰਤਰਾਲਾ ਵੱਲੋਂ 31 ਅਕਤੂਬਰ 2025 ਨੂੰ ਵੰਦੇ ਭਾਰਤ ਟਰੇਨ ਦੇ ਠਹਿਰਾਓ ਵਾਲੇ ਸਟੇਸ਼ਨਾਂ ਦੀ ਸੂਚੀ ਜਾਰੀ ਕੀਤੀ ਗਈ ਜਿਨਾਂ ਵਿੱਚ ਇਹ ਟ੍ਰੇਨ ਫਿਰੋਜ਼ਪੁਰ ਤੋਂ ਚੱਲ ਕੇ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਨੀਪਤ ਰੁਕਦੀ ਹੋਈ ਦਿੱਲੀ ਪੁੱਜੇਗੀ, ਇਹ ਪੱਤਰ ਸਪੱਸ਼ਟ ਕਰਦਾ ਹੈ ਕਿ ਵੰਦੇ ਭਾਰਤ ਟ੍ਰੇਨ ਦੇ ਰੁਕਣ ਵਾਲੇ ਸਟੇਸ਼ਨਾਂ ਵਿੱਚ ਬਰਨਾਲਾ ਸਟੇਸ਼ਨ ਦਾ ਨਾਮ ਦਰਜ ਨਹੀਂ ਹੈ। ਇਹ ਪੱਤਰ ਰੇਲ ਮੰਤਰਾਲਾ ਦੇ ਡਾਇਰੈਕਟਰ (ਕੋਚਿੰਗ) ਸ੍ਰੀ ਸੰਜੇ ਆਰ. ਨੀਲਮ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਪੱਤਰ ਅਨੁਸਾਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਯਤਨਾਂ ਨੂੰ ਬੂਰ ਨਹੀਂ ਪਿਆ ਤੇ ਉਹਨਾਂ ਵੱਲੋਂ ਬਰਨਾਲਾ ਵਾਸੀਆਂ ਨੂੰ ਵੰਦੇ ਭਾਰਤ ਟ੍ਰੇਨ ਦੇ ਬਰਨਾਲਾ ਵਿਖੇ ਰੁਕਣ ਦੀ ਦਿੱਤੀ ਵਧਾਈ ਫਿੱਕੀ ਹੋ ਗਈ ਜਾਪਦੀ ਹੈ। ਇਸ ਸਬੰਧੀ ਐਮਪੀ ਮੀਤ ਹੇਅਰ ਨਾਲ ਫੋਨ ‘ਤੇ ਗੱਲਬਾਤ ਕਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ਹੁਣ ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਵਿਚਕਾਰ ਰਾਜਨੀਤਿਕ ਬਿਆਨਬਾਜੀ ਸ਼ੁਰੂ ਹੋਵੇਗੀ, ਜਿਸ ਉੱਪਰ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ।
ਫੋਟੋ ਕੈਪਸ਼ਨ- ਵੰਦੇ ਭਾਰਤ ਦੇ ਬਰਨਾਲਾ ਵਿਖੇ ਠਹਿਰਾਓ ਸਬੰਧੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਮੀਤ ਹੇਅਰ ਮੁਲਾਕਾਤ ਦੀ ਤਸਵੀਰ










