ਬਰਨਾਲਾ ,17 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਜੇਕਰ ਤੁਸੀਂ ਅੱਜ ਬੱਸ ਰਾਹੀਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਅੱਜ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਟੈਂਡਰ ਖੋਲ੍ਹਣ ਦਾ ਵਿਰੋਧ ਕਰ ਰਹੇ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਕਾਮਿਆਂ ਵੱਲੋਂ ਸੋਮਵਾਰ ਨੂੰ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਵਲੋਂ 17 ਨਵੰਬਰ ਨੂੰ ਪ੍ਰਾਈਵੇਟ ਬੱਸਾਂ ਭਾਵ ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਦਾ ਐਕਸ਼ਨ ਆਰ-ਪਾਰ ਦਾ ਹੋਵੇਗਾ ਤੇ ਮੰਗਾਂ ਨਾ ਮੰਨਣ ‘ਤੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਥੇਬੰਦੀ ਅਨੁਸਾਰ 7 ਹਜ਼ਾਰ ਤੋਂ ਵੱਧ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਨਗੇ ਤੇ ਜੇਕਰ ਟੈਂਡਰ ਖੋਲ੍ਹੇ ਗਏ ਤਾਂ ਥਾਂ-ਥਾਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀ ਦੇ ਸੂਬਾ ਆਗੂ ਰਣਧੀਰ ਸਿੰਘ ਅਤੇ ਬਰਨਾਲਾ ਡੀਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਕਈ ਵਾਰ ਸਰਕਾਰ ਤੇ ਮੈਨੇਜਮੈਂਟ ਨੂੰ ਲਿਖ਼ਤੀ ਰੂਪ ‘ਚ ਅਤੇ ਜ਼ੁਬਾਨੀ ਤੌਰ ‘ਤੇ ਕਿੱਲੋਮੀਟਰ ਬੱਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਨ੍ਹਾਂ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ‘ਤੇ ਸਰਕਾਰੀ ਬੱਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰਕ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਫਿਰ ਵੀ ਮੈਨੇਜਮੈਟ ਵਲੋਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੰਟਰੈਕਟ ਕਾਮਿਆਂ ਦੀਆਂ ਹੋਰਨਾਂ ਮੰਗਾਂ ਦਾ ਵੀ ਸਰਕਾਰ ਕੋਲੋ ਹੱਲ ਕਰਵਾਉਣ ਲਈ 17 ਨਵੰਬਰ ਸੋਮਵਾਰ ਤੋਂ ਠੀਕ 12 ਵਜੇ ਤੋਂ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਮੁਕੰਬਲ ਚੱਕਾ ਜਾਮ ਕਰਕੇ ਹੜ੍ਹਤਾਲ ਸ਼ੁਰੂ ਕੀਤੀ ਜਾਵੇਗੀ।










