ਚੰਡੀਗੜ੍ਹ , 2 ਦਸੰਬਰ, Gee98 news service-
-ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਸਾਰੇ ਸਮਾਰਟਫੋਨ ਸੈੱਟਾਂ ਵਿੱਚ ਸਰਕਾਰ ਦੀ ਮਾਲਕੀ ਵਾਲੀ ਇੱਕ ਸਾਈਬਰ ਸੁਰੱਖਿਆ ਐਪ (ਸੰਚਾਰ ਸਾਥੀ) ਡਾਊਨਲੋਡ ਹੋਵੇਗੀ ਅਤੇ ਸਾਰੀਆਂ ਸਮਾਰਟਫੋਨ ਕੰਪਨੀਆਂ ਨੂੰ ਇਹ ਐਪ ਡਾਊਨਲੋਡ ਕਰਨੀ ਜ਼ਰੂਰੀ ਵੀ ਹੋਵੇਗੀ, ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਜੇਕਰ ਕੋਈ ਮੋਬਾਈਲ ਕੰਪਨੀ ਆਪਣੇ ਮੋਬਾਈਲ ਸੈੱਟ ਵਿੱਚ ਇਹ ਐਪ ਡਾਊਨਲੋਡ ਨਹੀਂ ਕਰੇਗੀ ਤਾਂ ਉਸ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਕੇਂਦਰੀ ਦੂਰਸੰਚਾਰ ਮੰਤਰਾਲੇ ਨੇ ਸਾਰੇ ਸਮਾਰਟਫੋਨ ਨਿਰਮਾਤਾਵਾਂ ਨੂੰ ਨਿੱਜੀ ਤੌਰ ‘ਤੇ ਸਰਕਾਰੀ ਮਾਲਕੀ ਵਾਲੀ ਸਾਈਬਰ ਸੁਰੱਖਿਆ ਐਪ, ਸੰਚਾਰ ਸਾਥੀ ਨੂੰ ਪ੍ਰੀਲੋਡ ਕਰਨ ਲਈ ਕਿਹਾ ਹੈ। ਸਰਕਾਰੀ ਹੁਕਮ ਅਨੁਸਾਰ ਇਹ ਮੋਬਾਇਲ ਐਪ ਐਪਲੀਕੇਸ਼ਨ ਐਪਲ, ਵੀਵੋ, ਸੈਮਸੰਗ, ਸਿਓਮੀ ਵਰਗੀਆ ਕੰਪਨੀਆਂ ਦੇ ਨਵੇਂ ਮੋਬਾਈਲ ਸੈੱਟਾਂ ਵਿੱਚ ਪਹਿਲਾਂ ਤੋਂ ਹੀ ਲੋਡ ਹੋਵੇਗੀ ਅਤੇ ਜਿਹੜੇ ਮੋਬਾਇਲ ਸੈੱਟ ਵਰਤੋਂ ਵਿੱਚ ਆ ਰਹੇ ਹਨ ਉਹਨਾਂ ਵਿੱਚ ਵੀ ਇਹ ਆਪਣੇ ਆਪ ਲੋਡ ਹੋ ਜਾਵੇਗੀ। ਦੂਜੇ ਪਾਸੇ ਇਸ ਮਾਮਲੇ ‘ਤੇ ਮੋਬਾਈਲ ਕੰਪਨੀਆਂ ਤੇ ਸਰਕਾਰ ਵਿਚਾਲੇ ਟਕਰਾਅ ਹੋਣ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਕਿਉਂਕਿ ਇਸ ਨੂੰ ਖਪਤਕਾਰਾਂ ਦੀ ਗੋਪਨੀਅਤਾ ਦੀ ਉਲੰਘਣਾ ਵੀ ਮੰਨਿਆ ਜਾ ਰਿਹਾ ਹੈ। ਸਰਕਾਰ ਦੀ ਮਾਲਕੀ ਵਾਲੇ ਇਸ ਸਾਈਬਰ ਸੁਰੱਖਿਆ ਐਪ ਨਾਲ ਜੁੜੀ ਅਹਿਮ ਗੱਲ ਇਹ ਵੀ ਹੈ ਕਿ ਇਸ ਨੂੰ ਕਿਸੇ ਵੀ ਮੋਬਾਈਲ ਫੋਨ ਵਿੱਚੋਂ ਡਿਲੀਟ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਇਹ ਕਦਮ ਸਾਈਬਰ ਅਪਰਾਧ ਨੂੰ ਰੋਕਣ ਸਬੰਧੀ ਚੁੱਕਿਆ ਜਾ ਰਿਹਾ ਹੈ। ਜਦਕਿ ਦੁਨੀਆਂ ਭਰ ਦੇ ਤਕਨੀਕੀ ਦਿੱਗਜ ਇਸਨੂੰ ਨਿੱਜੀ ਡਾਟੇ ਨਾਲ ਜੁੜੀ ਇੱਕ ਪ੍ਰਕਿਰਿਆ ਮੰਨ ਕੇ ਇਸ ਦਾ ਵਿਰੋਧ ਕਰ ਰਹੇ ਹਨ।
ਰਾਇਟਰਜ਼ ਦੁਆਰਾ ਹਵਾਲਾ ਦਿੱਤਾ ਗਿਆ ਹੈ ਕਿ ਸਰਕਾਰ ਨੇ ਮੋਬਾਈਲ ਨਿਰਮਾਤਾਵਾਂ ਨੂੰ ਇਹ ਹੁਕਮ 28 ਨਵੰਬਰ ਨੂੰ ਜਾਰੀ ਕੀਤੇ ਹਨ ਅਤੇ ਇਹਨਾਂ ਨੂੰ ਪੂਰੇ ਕਰਨ ਲਈ 90 ਦਿਨ ਦਾ ਸਮਾਂ ਦਿੱਤਾ ਗਿਆ ਹੈ।









