ਚੰਡੀਗੜ੍ਹ,12 ਦਸੰਬਰ, Gee98 News service
-ਪੰਜਾਬ ‘ਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਰਵਾਉਣ ਲਈ ਤਾਇਨਾਤ ਚੋਣ ਅਮਲੇ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣੇ (ਮਿਡ ਡੇ ਮੀਲ) ਵਿੱਚੋਂ ਹੀ ਖਾਣਾ ਦਿੱਤਾ ਜਾਵੇਗਾ। ਉਪ ਮੰਡਲ ਮੈਜਿਸਟ੍ਰੇਟ ਮਲੋਟ ਕਮ ਰਿਟਰਨਿੰਗ ਅਧਿਕਾਰੀ ਵੱਲੋਂ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਲਿਖੀ ਚਿੱਠੀ ਵਿੱਚ ਹੁਕਮ ਕੀਤੇ ਗਏ ਹਨ ਕਿ ਬਲਾਕ ਮਲੋਟ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ‘ਤੇ ਚੋਣ ਅਮਲਾ 13 ਦਸੰਬਰ ਨੂੰ ਹਾਜ਼ਰ ਹੋ ਜਾਵੇਗਾ, ਇਸ ਦੌਰਾਨ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚੋਂ ਖਾਣੇ ਦਾ ਪ੍ਰਬੰਧ ਕੀਤਾ ਜਾਵੇ। ਐਸਡੀਐਮ ਕਮ ਰਿਟਰਨਿੰਗ ਅਫ਼ਸਰ ਨੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੀ ਗੱਲ ਵੀ ਆਪਣੇ ਪੱਤਰ ਵਿੱਚ ਕੀਤੀ ਹੈ। ਚੋਣ ਅਧਿਕਾਰੀ ਵੱਲੋਂ ਡੀਈਓ ਨੂੰ ਭੇਜੇ ਪੱਤਰ ਵਿੱਚ 13 ਦਸੰਬਰ ਨੂੰ ਚੋਣ ਅਮਲੇ ਨੂੰ ਸ਼ਾਮ ਦੀ ਚਾਹ ਤੇ ਬਿਸਕੁਟ, ਰਾਤ ਦਾ ਖਾਣਾ, 14 ਦਸੰਬਰ ਨੂੰ ਸਵੇਰੇ 5:30 ਵਜੇ ਸਵੇਰ ਦੀ ਚਾਹ ਤੇ ਬਿਸਕੁਟ, ਨਾਸ਼ਤਾ (ਪਰੌਂਠੇ ਸਮੇਤ ਦਹੀਂ ਅਤੇ ਚਾਹ) ਇਸ ਤੋਂ ਇਲਾਵਾ ਦੁਪਹਿਰ ਦੀ ਰੋਟੀ ਅਤੇ ਸ਼ਾਮ ਦੀ ਚਾਹ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਰਿਟਰਨਿੰਗ ਅਧਿਕਾਰੀ ਦੇ ਇਹਨਾਂ ਹੁਕਮਾਂ ਤੋਂ ਅਧਿਆਪਕ ਔਖੇ ਹਨ ਕਿਉਂਕਿ ਬਹੁਤੇ ਅਧਿਆਪਕਾਂ ਦੀਆਂ ਪਹਿਲਾਂ ਹੀ ਚੋਣ ਡਿਊਟੀਆਂ ਲੱਗ ਚੁੱਕੀਆਂ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਡਿਊਟੀ ਤੋਂ ਭੱਜ ਰਿਹਾ ਹੈ। ਉਹਨਾਂ ਕਿਹਾ ਕਿ ਮਿਡ ਡੇ ਮੀਲ ਦੀਆਂ ਕੁੱਕ ਨੂੰ ਪਹਿਲਾਂ ਹੀ ਨਿਗੂਣਾ ਮਾਣ ਭੱਤਾ ਮਿਲਦਾ ਹੈ। ਉਨਾਂ ਕਿਹਾ ਕਿ ਸਵੇਰੇ 5:30 ਵਜੇ ਚਾਹ ਦੇਣ ਲਈ ਕੁੱਕ ਤੇ ਹੋਰ ਸਟਾਫ਼ ਨੂੰ ਘੱਟੋ ਘੱਟ 4 ਵਜੇ ਉੱਠ ਕੇ ਪ੍ਰਬੰਧ ਕਰਨਾ ਪਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਫੰਡ ਵੀ ਦਿੱਤਾ ਜਾਂਦਾ ਹੈ, ਜਿਸ ਵਿੱਚੋਂ ਚੋਣਾਂ ਨਾਲ ਸੰਬੰਧਿਤ ਸਾਰੇ ਖਰਚੇ ਅਤੇ ਚੋਣ ਅਮਲੇ ਲਈ ਖਾਣ ਪੀਣ ਅਤੇ ਹੋਰ ਪ੍ਰਬੰਧ ਕਰਨ ਲਈ ਵੀ ਫੰਡ ਦਿੱਤਾ ਜਾਂਦਾ ਹੈ।ਇਹ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਕਿ ਚੋਣ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਚੋਣ ਅਮਲੇ ਲਈ ਖਾਣੇ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਹ ਸਮਾਂ ਦੱਸੇਗਾ ਕਿ ਚੋਣਾਂ ਤੋਂ ਬਾਅਦ ਅਧਿਆਪਕਾਂ ਨੂੰ ਇਸ ਖਾਣੇ ਦਾ ਵੱਖਰਾ ਖਰਚਾ ਤੇ ਕੁੱਕ ਨੂੰ ਵੱਖਰਾ ਮਾਣ ਭੱਤਾ ਦਿੱਤਾ ਜਾਵੇਗਾ ਜਾਂ ਨਹੀਂ, ਜੇਕਰ ਦਿੱਤਾ ਵੀ ਜਾਵੇਗਾ ਤਾਂ ਰਾਸ਼ਨ ਦੇ ਬਿੱਲ ਬਣਵਾਉਣ ਅਤੇ ਜਮਾਂ ਕਰਵਾਉਣ ਦੀ ਵਾਧੂ ਸਿਰਦਰਦੀ ਅਧਿਆਪਕਾਂ ਨੂੰ ਖੜੀ ਹੋਵੇਗੀ।








