ਬਰਨਾਲਾ ,12 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤਿੰਨ ਨਸ਼ਾ ਤਸਕਰਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਨਾਇਬ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਰਨਾਲਾ ਤੋਂ ਮੋਗਾ ਹਾਈਵੇ ਉੱਪਰ ਰਾਮਸਰ ਕੋਠੇ ਦੇ ਨਜ਼ਦੀਕ ਇੱਕ XUV ਗੱਡੀ ਨੰਬਰ DL 10 CT 1394 ਵਿੱਚੋਂ ਗੋਬਿੰਦ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਹੰਡਿਆਇਆ ਰੋਡ ਬਰਨਾਲਾ ਉਮਰ 22 ਸਾਲ ਅਤੇ ਸੰਦੀਪ ਪੰਡਿਤ ਪੁੱਤਰ ਮੁੰਨਾ ਪੰਡਿਤ ਵਾਸੀ ਪ੍ਰੇਮ ਨਗਰ ਬਰਨਾਲਾ ਉਮਰ ਕਰੀਬ 20 ਸਾਲ ਨੂੰ 01 ਕਿਲੋ 39 ਗ੍ਰਾਮ ਨਸ਼ੀਲਾ ਚਿੱਟਾ ਪਦਾਰਥ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਉਨਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ‘ਤੇ ਇਹਨਾਂ ਦੇ ਤੀਜੇ ਸਾਥੀ ਹਰਪ੍ਰੀਤ ਸਿੰਘ (24) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਹ ਦੋਸ਼ੀ ਨਸ਼ੀਲਾ ਪਦਾਰਥ ਹੈਰੋਇਨ ਕਿੱਥੋਂ ਲੈ ਕੇ ਆਏ ਤੇ ਅੱਗੇ ਇਹਨਾਂ ਨੇ ਕਿੱਥੇ ਕਿੱਥੇ ਦੇਣਾ ਸੀ ਇਸ ਸਬੰਧੀ ਦੌਰਾਨੇ ਰਿਮਾਂਡ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗੋਬਿੰਦ ਸਿੰਘ ਦੇ ਖ਼ਿਲਾਫ਼ ਪਹਿਲਾ ਵੀ ਬਰਨਾਲਾ ਦੇ ਵੱਖ-ਵੱਖ ਥਾਣਿਆਂ ‘ਚ ਵੱਖ-ਵੱਖ ਧਾਰਾਵਾਂ ਤਹਿਤ ਪੰਜ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਸੰਦੀਪ ਪੰਡਿਤ ਦੇ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ‘ਚ ਇੱਕ ਮੁਕੱਦਮਾ ਦਰਜ ਹੈ। SSP ਨੇ ਕਿਹਾ ਕਿ ਇਹ ਇੱਕ ਵੱਡਾ ਨਸ਼ਾ ਰੈਕੇਟ ਹੈ ਜਿਸਦੀਆਂ ਆਉਣ ਵਾਲੇ ਦਿਨਾਂ ‘ਚ ਸਾਰੀਆਂ ਪਰਤਾਂ ਫਰੋਲ ਦਿੱਤੀਆਂ ਜਾਣਗੀਆਂ ਅਤੇ ਇਸ ਨਾਲ ਸੰਬੰਧਿਤ ਸਾਰੇ ਦੋਸ਼ੀ ਕਾਨੂੰਨੀ ਸਿਕੰਜੇ ਵਿੱਚ ਹੋਣਗੇ। ਬਰਨਾਲਾ ਦੇ CIA ਸਟਾਫ਼ ਦੀ ਇਸ ਵੱਡੀ ਸਫਲਤਾ ‘ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਇੰਸਪੈਕਟਰ ਬਲਜੀਤ ਸਿੰਘ ਅਤੇ ਉਨਾਂ ਦੀ ਟੀਮ ਦੀ ਪਿੱਠ ਥਾਪੜੀ। ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਅਸ਼ੋਕ ਕੁਮਾਰ ਪੀਪੀਐਸ (SP) ਸ੍ਰੀ ਰਜਿੰਦਰਪਾਲ ਸਿੰਘ ਡੀਐਸਪੀ ਅਤੇ ਸ੍ਰੀ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ CIA ਸਟਾਫ਼ ਬਰਨਾਲਾ ਵੀ ਹਾਜ਼ਰ ਸਨ।









