ਬਰਨਾਲਾ ,13 ਦਸੰਬਰ, (ਨਿਰਮਲ ਸਿੰਘ ਪੰਡੋਰੀ)-
-ਸਥਾਨਕ SD ਕਾਲਜ ਨੇੜੇ ਬਣੇ ਰੇਲਵੇ ਫਾਟਕਾਂ ‘ਤੇ ਅੱਜ ਸਵੇਰੇ ਉਸ ਵੇਲੇ ਆਵਾਜਾਈ ਦੀ ਸਥਿਤੀ ਵਿਗੜ ਗਈ ਜਦੋਂ ਵੱਡੀਆਂ ਬੱਸਾਂ ਫਾਟਕਾਂ ‘ਤੇ ਪੁੱਜੀਆਂ ਅਤੇ ਇੱਕ ਬੱਸ ਫਾਟਕਾਂ ਦੇ ਵਿਚਕਾਰ ਹੀ ਫਸ ਗਈ, ਜੋ ਬੜੀ ਮੁਸ਼ੱਕਤ ਨਾਲ ਅੱਗੇ ਪਿੱਛੇ ਕੀਤੀ। ਦਰਅਸਲ ਇਹ ਵੱਡੀਆਂ ਬੱਸਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਡੀ ਕਾਲਜ ਦੇ ਗਰਾਊਂਡ ਵਿੱਚ ਭੇਜੀਆਂ ਗਈਆਂ ਸਨ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਡਿਊਟੀ ਵਾਲੇ ਚੋਣ ਅਮਲੇ ਨੂੰ ਲੈਣ ਅਤੇ ਚੋਣਾਂ ਨਾਲ ਸਬੰਧਿਤ ਸਮਾਨ ਲੈਣ ਆਈਆਂ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੋਣ ਅਮਲੇ ਲਈ ਵੱਡੀਆਂ ਬੱਸਾਂ ਤਾਂ ਮੰਗਵਾ ਲਈਆਂ ਪਰੰਤੂ ਇਹਨਾਂ ਨੂੰ SD ਕਾਲਜ ਦੇ ਮੈਦਾਨ ਤੱਕ ਭੇਜਣ ਵਾਲੇ ਰਸਤੇ ਦੀ ਕਿਸੇ ਨੇ ਚੰਗੀ ਤਰ੍ਹਾਂ ਨਿਸ਼ਾਨਦੇਹੀ ਨਹੀਂ ਕੀਤੀ ਹਾਲਾਂਕਿ ਐਸਡੀ ਕਾਲਜ ਵਿੱਚ ਸਟਰਾਂਗ ਰੂਮ ਬਣਨ ਤੋਂ ਬਾਅਦ ਫਾਟਕਾਂ ਤੋਂ ਐਸਡੀ ਕਾਲਜ ਦੇ ਮੈਦਾਨ ਤੱਕ ਜਾਣ ਵਾਲੀ ਗਲੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ 15 ਤੋਂ 20 ਵਾਰ ਚੱਕਰ ਲਗਾਏ ਹੋਣਗੇ ਪ੍ਰੰਤੂ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਤੰਗ ਗਲੀ ਵਿੱਚੋਂ ਜਾਂ ਫਾਟਕਾਂ ਵਾਲੇ ਤੰਗ ਮੋੜ ਤੋਂ 52 ਸੀਟਾਂ ਵਾਲੀਆਂ ਵੱਡੀਆਂ ਬੱਸਾਂ ਕਿਵੇਂ ਮੁੜਨਗੀਆਂ। ਅੱਜ ਸਵੇਰੇ ਜਦੋਂ ਇਹ ਬੱਸਾਂ ਕਾਫੀ ਗਿਣਤੀ ਵਿੱਚ ਇਕੱਠੀਆਂ ਹੀ ਫਾਟਕਾਂ ‘ਤੇ ਪੁੱਜੀਆਂ ਤਾਂ ਆਵਾਜਾਈ ਦੇ ਹਾਲਾਤ ਕਚਹਿਰੀ ਚੌਂਕ ਵਾਲੇ ਪਾਸੇ ਅਤੇ ਫਾਟਕਾਂ ਤੋਂ ਪਾਰ ਸ਼ਹਿਰ ਵਾਲੇ ਪਾਸੇ ਵਿਗੜ ਗਏ। ਜਿਸ ਕਾਰਨ ਔਖੇ ਹੋਏ ਲੋਕ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁੜਬੁੜ ਕਰਦੇ ਦੇਖੇ ਗਏ, ਉੱਥੇ ਫਸੇ ਹੋਏ ਇਹਨਾਂ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ ਵੀ ਲਾਲ ਵੇਖੀਆਂ ਗਈਆਂ। ਇਸ ਦੌਰਾਨ ਇਹ ਵੀ ਵੇਖਿਆ ਕਿ ਜਦੋਂ ਇਹ ਲੰਮੀਆਂ ਬੱਸਾਂ ਐਸਡੀ ਕਾਲਜ ਦੇ ਫਾਟਕਾਂ ਤੋਂ ਕਾਲਜ ਵਾਲੀ ਗਲੀ ਵੱਲ ਮੁੜ ਰਹੀਆਂ ਸਨ ਤਾਂ ਬੱਸ ਨੂੰ ਕਈ ਵਾਰ ਅੱਗੇ ਪਿੱਛੇ ਕਰਨਾ ਪਿਆ ਜਿਸ ਕਾਰਨ ਰੇਲਵੇ ਲਾਈਨ ‘ਤੇ ਫਾਟਕਾਂ ਦੇ ਵਿਚਕਾਰ ਜਲਦੀ ਨਾਲ ਲੰਘਣ ਵਾਲੇ ਮੋਟਰਸਾਈਕਲ ਸਵਾਰ ਫਸੇ ਰਹੇ ਅਤੇ ਲੋਕਾਂ ਦੀ ਜਾਨ ਕੁੜਿੱਕੀ ‘ਚ ਫਸੀ ਰਹੀ। ਭਾਵੇਂ ਕਿ ਚੋਣਾਂ ਲਈ ਸਾਰੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹਾਲਤ ਵਿੱਚ ਕਰਨੇ ਹੁੰਦੇ ਹਨ ਪ੍ਰੰਤੂ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਇਹਨਾਂ ਪ੍ਰਬੰਧਾਂ ਦੇ ਕਾਰਨ ਲੋਕਾਂ ਦੀ ਜਾਨ ਕੁੜਿੱਕੀ ਵਿੱਚ ਪਾਈ ਜਾਵੇ। ਇਹ ਸਮਝ ਤੋਂ ਪਰ੍ਹੇ ਹੈ ਕਿ ਆਖਰ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਐਸਡੀ ਕਾਲਜ ਦੇ ਫਾਟਕਾਂ ਤੋਂ ਕਾਲਜ ਦੇ ਮੈਦਾਨ ਤੱਕ ਜਾਣ ਵਾਲੀ ਗਲੀ ਦੀ ਸ਼ਨਾਖਤ ਕੀਤੀ ਕਿ ਇਥੋਂ 52 ਸੀਟਾਂ ਵਾਲੀਆਂ ਵੱਡੀਆਂ ਬੱਸਾਂ ਆਰਾਮ ਨਾਲ ਲੰਘ ਜਾਣਗੀਆਂ। ਅਕਸਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜੇਕਰ ਬਾਜ਼ਾਰ ‘ਚ ਕਿਸੇ ਛੋਟੇ ਵਹੀਕਲ ਦੇ ਕਾਰਨ ਟਰੈਫਿਕ ਜਾਮ ਹੋ ਜਾਵੇ ਤਾਂ ਟਰੈਫਿਕ ਪੁਲਿਸ ਵਾਲੇ ਮੁਹੰਮਦ ਸਦੀਕ ਦੇ ਟੁਰਲੇ ਜਿੱਡਾ ਚਲਾਨ ਕੱਟ ਕੇ ਅਗਲੇ ਦੇ ਹੱਥ ਵਿੱਚ ਫੜਾ ਦਿੰਦੇ ਹਨ ਪ੍ਰੰਤੂ ਅੱਜ ਟਰੈਫਿਕ ਪੁਲਿਸ ਵੀ “ਆਪਣੀਆਂ ਕੱਛ ‘ਚ ਲੋਕਾਂ ਦੀਆਂ ਹੱਥ ‘ਚ” ਵਾਲੀ ਸਥਿਤੀ ਵਿੱਚ ਵੇਖੀ ਗਈ। ਅਸਲ ਵਿੱਚ ਆਮ ਲੋਕ ਤਾਂ “ਰਾਣੀ ਨੂੰ ਅੱਗਾ ਢੱਕਣ ਲਈ” ਕਹਿਣ ਵਾਲੀ ਸਥਿਤੀ ਵਿੱਚ ਵੀ ਨਹੀਂ ਹਨ ਕਿਉਂਕਿ ਕਈ ਵਾਰ ‘ਜਿਹੜਾ ਬੋਲੇ ਉਹੀ ਕੁੰਡਾ ਖੋਲੇ’ ਦੀ ਕਹਾਵਤ ਵਾਂਗ ਆਮ ਵਿਅਕਤੀ ਹੀ ਫਸ ਜਾਂਦਾ ਹੈ।









