ਬਰਨਾਲਾ,13 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਪਿੰਡ ਚੌਹਾਨਕੇ ਖੁਰਦ ਦੇ ਇੱਕ ਪਰਿਵਾਰ ਨੇ ਆਪਣੀ ਬਜ਼ੁਰਗਾਂ ਦੇ ਬਰਸੀ ਸਮਾਗਮ ਨੂੰ ਵਿਲੱਖਣ ਢੰਗ ਨਾਲ ਮਨਾਉਣ ਦੀ ਰਵਾਇਤ ਨੂੰ ਜਾਰੀ ਰੱਖਦੇ ਹੋਏ ਪਿੰਡ ਦੇ ਹਾਈ ਸਕੂਲ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ। ਪਿੰਡ ਦੇ ਮਰਹੂਮ ਨੰਬਰਦਾਰ ਮੇਜਰ ਸਿੰਘ ਧਾਲੀਵਾਲ ਦੀ ਦਸਵੀਂ ਬਰਸੀ ‘ਤੇ ਵਿਸ਼ੇਸ਼ ਕਰਵਾਏ ਗਏ ਇਸ ਸਮਾਗਮ ਦੀ ਵੰਨ ਸਵੰਨਤਾ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਸਰਦਾਰ ਮੇਜਰ ਸਿੰਘ ਧਾਲੀਵਾਲ ਦੇ ਸਪੁੱਤਰ ਡਾ. ਕਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੱਦੇ ‘ਤੇ ਸ਼੍ਰੋਮਣੀ ਸਾਹਿਤਕਾਰ, ਪੰਜਾਬ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਬਕਾ ਪ੍ਰਧਾਨ ਉਘੇ ਲੇਖਕ ਬਲਵਿੰਦਰ ਸਿੰਘ ਬਰਨਾਲਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਨੀਤਇੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਖੇਡੇ ਗਏ ਨਾਟਕ “ਦੋ ਰੋਟੀਆਂ” ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਰੰਗ ਬੰਨਿਆ। ਡਾ. ਕਰਮਜੀਤ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਹਰ ਵਾਰ ਦੀ ਤਰ੍ਹਾਂ ਰਵਾਇਤ ਜਾਰੀ ਰੱਖਦੇ ਹੋਏ ਪਿੰਡ ਦੇ ਸਕੂਲ ਦੀ ਲਾਇਬਰੇਰੀ ਨੂੰ 100 ਕਿਤਾਬਾਂ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਦੇ ਸਕੂਲ ਦੇ ਵਿਦਿਅਕ ਖੇਡਾਂ ਅਤੇ ਹੋਰ ਵੰਨਗੀਆਂ ‘ਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੇਜ਼ਬਾਨ ਪਰਿਵਾਰ ਵੱਲੋਂ ਮਰਹੂਮ ਮੇਜਰ ਸਿੰਘ ਧਾਲੀਵਾਲ ਦੀ ਯਾਦ ਵਿੱਚ ਸ਼ੁਰੂ ਕੀਤੇ ਗਏ ਵਿਸ਼ੇਸ਼ ਐਵਾਰਡ ਤਹਿਤ ਸਕੂਲ ਦੀ ਦਸਵੀਂ ਕਲਾਸ ਦੇ ਟਾੱਪਰ ਵਿਦਿਆਰਥੀ ਨੂੰ 5100 ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਲੇਖਕ ਅਤੇ ਐਕਟਰ ਡਾਕਟਰ ਸੁਰਿੰਦਰ ਸ਼ਰਮਾ, ਸਮਾਜ ਸੇਵੀ ਸ੍ਰੀ ਪ੍ਰਵੀਨ ਕੁਮਾਰ, ਉਪਕਾਰ ਸੁਸਾਇਟੀ ਬਰਨਾਲਾ ਦੇ ਮੀਡੀਆ ਸਕੱਤਰ ਸ੍ਰੀ ਸੰਗੀਤ ਸ਼ਰਮਾ, ਡਾਕਟਰ ਮਿਸਰ ਸਿੰਘ, ਸਰਪੰਚ ਰਜਿੰਦਰ ਕੌਰ, ਮੁੱਖ ਅਧਿਆਪਕ ਪੁਨੀਤ ਗਰਗ, ਡਾਕਟਰ ਭਗਵੰਤ ਸਿੰਘ, ਰਾਜ ਸਿੰਘ ਜਵੰਦਾ, ਨਰਾਇਣ ਸਿੰਘ ਖਟੜਾ, ਸੁਖਪ੍ਰੀਤ ਸਿੰਘ ਕੈਨੇਡੀਅਨ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਵਿੱਚ ਸ਼ਾਮਿਲ ਪਿੰਡ ਦੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਪਰਿਵਾਰ ਦੇ ਸੱਦੇ ‘ਤੇ ਪੁੱਜੇ ਮਹਿਮਾਨਾਂ ਸ੍ਰੀ ਓਮ ਪ੍ਰਕਾਸ਼ ਗਾਸੋ, ਬਲਵਿੰਦਰ ਸਿੰਘ ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਡਾਕਟਰ ਕਰਮਜੀਤ ਸਿੰਘ ਅਤੇ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਨੂੰ ਵਿਲੱਖਣ ਢੰਗ ਨਾਲ ਮਨਾਉਣ ਦੇ ਇਸ ਤਰੀਕੇ ਦੀ ਸ਼ਲਾਘਾ ਕੀਤੀ। ਬੁਲਾ ਰਹੇ ਨੇ ਕਿਹਾ ਕਿ ਧਾਲੀਵਾਲ ਪਰਿਵਾਰ ਵਾਂਗ ਆਪਣੇ ਪੁਰਖਿਆਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਸਮਾਗਮ ਕਰਵਾ ਕੇ ਵਿਦਿਆਰਥੀਆਂ ਦੀ ਸੋਚ ਨੂੰ ਹੋਰ ਉਸਾਰੂ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਡਾਕਟਰ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਲਾਨਾ ਯਾਦਗਾਰੀ ਸਮਾਗਮ ਦਾ ਘੇਰਾ ਹੋਰ ਵਿਸ਼ਾਲ ਕਰਕੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।








