ਚੰਡੀਗੜ੍ਹ ,18 ਦਸੰਬਰ , Gee98 news service
ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਵਿੱਚ ਕਈ ਬਦਲਾਅ ਕਰਕੇ ਵਿਦਿਆਰਥੀਆਂ ਨੂੰ ਝਟਕਾ ਦੇਣ ਤੋਂ ਬਾਅਦ ਕੈਨੇਡਾ ਨੇ ਹੁਣ ਆਪਣੇ ਨਾਗਰਿਕਤਾ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਕੈਨੇਡਾ ‘ਚ ਵੱਡੀ ਗਿਣਤੀ ‘ਚ ਭਾਰਤੀ ਵਸ ਰਹੇ ਹਨ। ਕੈਨੇਡਾ ਸਰਕਾਰ ਨੇ ਨਾਗਰਿਕਤਾ ਸਬੰਧੀ ਬਿੱਲ C-3 ਲਾਗੂ ਕਰ ਦਿੱਤਾ ਹੈ ਜਿਸ ਨਾਲ ਵਿਦੇਸ਼ ਵਿੱਚ ਜਨਮੇ ਜਾਂ ਗੋਦ ਲਏ ਗਏ ਬੱਚਿਆਂ ਲਈ ਕੈਨੇਡੀਅਨ ਨਾਗਰਿਕਤਾ ਦਾ ਰਸਤਾ ਖੁੱਲ ਗਿਆ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਉਹਨਾਂ ਬੱਚਿਆਂ ਨੂੰ ਵੱਡਾ ਫਾਇਦਾ ਹੋਵੇਗਾ ਜਿਨਾਂ ਦੇ ਮਾਤਾ ਪਿਤਾ ਕੈਨੇਡੀਅਨ ਨਾਗਰਿਕ ਹਨ ਪ੍ਰੰਤੂ ਉਹਨਾਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ। ਹੁਣ ਕੈਨੇਡੀਅਨ ਨਾਗਰਿਕ ਮਾਤਾ-ਪਿਤਾ ਵਿਦੇਸ਼ ਵਿੱਚ ਜਨਮੇ ਜਾਂ ਗੋਦ ਲਈ ਗਏ ਬੱਚਿਆਂ ਨੂੰ ਨਾਗਰਿਕਤਾ ਦੇ ਸਕਦੇ ਹਨ, ਬਸ਼ਰਤੇ ਕਿ ਅਜਿਹੇ ਮਾਤਾ-ਪਿਤਾ ਬੱਚੇ ਦੇ ਜਨਮ ਜਾਂ ਗੋਦ ਲਏ ਜਾਣ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਾਲ (1095 ਦਿਨ) ਕੈਨੇਡਾ ਵਿੱਚ ਸਰੀਰਕ ਤੌਰ ‘ਤੇ ਵਸੇ ਹੋਣ,ਇਹ ਬਿੱਲ C-3, 15 ਦਸੰਬਰ ਤੋਂ ਲਾਗੂ ਹੋ ਗਿਆ ਹੈ।










