ਚੰਡੀਗੜ੍ਹ, 28 ਦਸੰਬਰ, Gee98 News service-
-ਨਵਾਂ ਸਾਲ 2026 ਕਈ ਆਰਥਿਕ ਤਬਦੀਲੀਆਂ ਲੈ ਕੇ ਆ ਰਿਹਾ ਹੈ ਜਿਨਾਂ ਦਾ ਆਮ ਲੋਕਾਂ ਦੀ ਜੇਬ ‘ਤੇ ਸਿੱਧਾ ਅਸਰ ਪਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕੁਝ ਅਜਿਹੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ ਜਿਹੜੀਆਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਨਾਗਰਿਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਆਪਣੇ ਆਧਾਰ ਕਾਰਡ ਨੂੰ ਆਪਣੇ ਪੈਨ ਕਾਰਡ ਦੇ ਨਾਲ ਲਿੰਕ ਕਰਨ ਲਈ ਸਰਕਾਰ ਵੱਲੋਂ 31 ਦਸੰਬਰ 2025 ਆਖਰੀ ਤਾਰੀਕ ਮਿਥੀ ਗਈ ਹੈ। ਜੇਕਰ ਤੁਸੀਂ 31 ਦਸੰਬਰ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ ਕੰਮ ਕਰਨਾ ਬੰਦ ਕਰ ਦੇਵੇਗਾ। ਜੇਕਰ ਤੁਸੀਂ ਮਿਥੀ ਤਰੀਕ ਤੱਕ ਆਪਣਾ ਆਧਾਰ ਅਤੇ ਪੈਨ ਲਿੰਕ ਨਹੀਂ ਕਰਦੇ ਤਾਂ ਤੁਸੀਂ ਤੁਹਾਡਾ ਪੈਨ ਕਾਰਡ ਬੰਦ ਹੋ ਜਾਵੇਗਾ ਅਤੇ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਭਰ ਸਕੋਗੇ, ਇਸ ਤੋਂ ਇਲਾਵਾ ਪੈਂਡਿੰਗ ਰਿਫੰਡ ਵੀ ਨਹੀਂ ਲੈ ਸਕੋਗੇ। ਪੈਨ ਕਾਰਡ ਬੰਦ ਹੋਣ ਦੀ ਸੂਰਤ ਵਿੱਚ ਬੈਂਕ ਅਕਾਊਂਟ ਜਾਂ ਮਿਊਚਲ ਫੰਡ ਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਆਉਣਗੀਆਂ।
ਇਨਕਮ ਟੈਕਸ ਰਿਟਰਨ ਸਬੰਧੀ ਜਰੂਰੀ ਜਾਣਕਾਰੀ-
ਜੇਕਰ ਤੁਸੀਂ ਅਜੇ ਤੱਕ ਸਾਲ 2024-25 ਦੀ ਇਨਕਮ ਟੈਕਸ ਰਿਟਰਨ ਨਹੀਂ ਭਰੀ ਤਾਂ 31 ਦਸੰਬਰ 2025 ਤੱਕ ਜੁਰਮਾਨੇ ਸਹਿਤ ਭਰ ਸਕਦੇ ਹੋ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤੁਹਾਨੂੰ ਇਨਕਮ ਟੈਕਸ ਵਿਭਾਗ ਵੱਲੋਂ ਵਾਧੂ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅਤੇ 31 ਦਸੰਬਰ ਤੋਂ ਬਾਅਦ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਰਿਫੰਡ ਕਲੇਮ ਵੀ ਨਹੀਂ ਮਿਲੇਗਾ ਅਤੇ ਇਹ ਰਿਫੰਡ ਦਾ ਪੈਸਾ ਸਰਕਾਰ ਦੇ ਖ਼ਾਤੇ ਵਿੱਚ ਚਲਿਆ ਜਾਵੇਗਾ।
ਵਧ ਸਕਦੀਆਂ ਨੇ ਨਵੀਆਂ ਕਾਰਾਂ ਦੀਆਂ ਕੀਮਤਾਂ
ਜੇਕਰ ਤੁਸੀਂ ਕੋਈ ਨਵੀਂ ਕਾਰ ਖਰੀਦਣਾ ਚਾਹੁੰਦੇ ਹੋ ਤਾਂ 31 ਦਸੰਬਰ 2025 ਤੱਕ ਖਰੀਦ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਮਾਰੂਤੀ, ਟਾਟਾ,MG ਅਤੇ ਹੂੰਡਾਈ ਵਰਗੀਆਂ ਕੰਪਨੀਆਂ ਵੱਲੋਂ ਨਵੀਆਂ ਕਾਰਾਂ ਦੀਆਂ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ। MG ਕੰਪਨੀ ਨੇ ਤਾਂ ਆਪਣੀਆਂ ਗੱਡੀਆਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਜਦੋਂ ਕਿ ਬਾਕੀ ਕੰਪਨੀਆਂ ਇਹ ਐਲਾਨ ਜਲਦੀ ਹੀ ਕਰ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਵੀਆਂ ਕਾਰਾਂ ਦੀਆਂ ਕੀਮਤਾਂ 1 ਜਨਵਰੀ 2026 ਤੋਂ ਵੱਧ ਜਾਣਗੀਆਂ। MG ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 2 ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ ਜਦਕਿ ਮਰਸੀਡਿਜ ਅਤੇ BMW ਨੇ ਵੀ 2 ਤੋਂ 3 ਫੀਸਦੀ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ।










