ਚੰਡੀਗੜ੍ਹ,28 ਦਸੰਬਰ, Gee98 news service
-ਜੇਕਰ ਕੋਈ ਫੌਜੀ ਨੌਕਰੀ ਕਰਦੇ ਸਮੇਂ ਫੌਜ ਤੋਂ ਆਪਣੇ ਘਰ ਛੁੱਟੀ ‘ਤੇ ਆਇਆ ਹੋਵੇ ਤੇ ਉਸ ਦੀ ਅਚਾਨਕ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਵੇ ਤਾਂ ਉਸਦੇ ਵਾਰਿਸ ਪਰਿਵਾਰਕ ਪੈਨਸ਼ਨ ਦੇ ਹੱਕਦਾਰ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਮ੍ਰਿਤਕ ਫੌਜੀ ਦੀ ਪਤਨੀ ਸੁਮਨ ਦੀ ਪਟੀਸ਼ਨ ਦੇ ਆਧਾਰ ‘ਤੇ ਉਕਤ ਫੈਸਲਾ ਸੁਣਾਇਆ। ਪਟੀਸ਼ਨਰ ਫੌਜੀ ਦੀ ਵਿਧਵਾ ਸੁਮਨ ਦਾ ਪਤੀ ਫੌਜ ਵਿੱਚੋਂ ਘਰ ਛੁੱਟੀ ‘ਤੇ ਆਇਆ ਸੀ ਅਤੇ ਉਸਦੀ ਬ੍ਰੇਨ ਹੈਮਰੇਜ ਦੇ ਕਾਰਨ ਮੌਤ ਹੋ ਗਈ ਸੀ। ਜਦੋਂ ਉਸ ਦੇ ਪਰਿਵਾਰ ਨੂੰ ਪਰਿਵਾਰਕ ਪੈਨਸ਼ਨ ਦੇਣ ਦੀ ਗੱਲ ਆਈ ਤਾਂ ਫੌਜ ਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਫ਼ੌਜੀ ਸਵੈ-ਇੱਛਤ ਛੁੱਟੀ ‘ਤੇ ਸੀ, ਇਸ ਲਈ ਉਸ ਦੀ ਮੌਤ ਦਾ ਉਸ ਦੀ ਸੇਵਾ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਦਸੰਬਰ 2022 ਵਿੱਚ ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਚੰਡੀਗੜ੍ਹ ਬੈਂਚ ਨੇ ਸੁਮਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਤੇ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦੇਣ ਦਾ ਹੁਕਮ ਦਿੱਤਾ ਸੀ। ਟ੍ਰਿਬਿਊਨਲ ਦੇ ਇਸ ਫੈਸਲੇ ਨੂੰ ਕੇਂਦਰ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪ੍ਰੰਤੂ ਹਾਈਕੋਰਟ ਨੇ ਵੀ ਟ੍ਰਿਬਿਊਨਲ ਦਾ ਫੈਸਲਾ ਬਰਕਰਾਰ ਰੱਖਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਫ਼ੌਜੀ ਛੁੱਟੀ ਦੌਰਾਨ ਦਿਮਾਗੀ ਹੈਮਰੇਜ ਵਰਗੀ ਸਥਿਤੀ ਨਾਲ ਮਰ ਜਾਂਦਾ ਹੈ ਤਾਂ ਇਸ ਨੂੰ ਫੌਜੀ ਸੇਵਾ ਕਾਰਨ ਮੌਤ ਮੰਨਿਆ ਜਾਵੇਗਾ। ਅਦਾਲਤ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਮੌਤ ਦੇ ਸਮੇਂ ਸਿਪਾਹੀ ਸੇਵਾ ਵਿੱਚ ਸੀ। ਕਾਨੂੰਨ ਦੀ ਨਜ਼ਰ ਵਿੱਚ ਛੁੱਟੀ ‘ਤੇ ਆਇਆ ਫ਼ੌਜੀ ਵੀ ਅਨੁਸ਼ਾਸਨ ਅਤੇ ਸੇਵਾ ਸ਼ਰਤਾਂ ਦੇ ਅਧੀਨ ਹੈ। ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੇ ਡਵੀਜ਼ਨ ਬੈਂਚ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਫੌਜੀ ਨੌਕਰੀ ਆਮ ਨੌਕਰੀ ਵਾਂਗ ਨਹੀਂ ਹੁੰਦੀ,ਮੁਸ਼ਕਲ ਭੂਗੋਲਿਕ ਸਥਿਤੀਆਂ ਵਿੱਚ ਪੋਸਟਿੰਗ, ਪਰਿਵਾਰ ਤੋਂ ਦੂਰ ਹੋਣਾ ਅਤੇ ਬਹੁਤ ਚੁਣੌਤੀਪੂਰਨ ਕਾਰਜ ਹਾਈ ਬਲੱਡਪ੍ਰੈਸ਼ਰ ਦਾ ਕਾਰਨ ਬਣ ਸਕਦੇ ਹਨ। ਹਾਈ ਕੋਰਟ ਨੇ ਏਐੱਫਟੀ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਟ੍ਰਿਬਿਊਨਲ ਦਾ ਫੈਸਲਾ ਨਾ ਤਾਂ ਤੱਥਾਂ ਦੇ ਉਲਟ ਸੀ ਅਤੇ ਨਾ ਹੀ ਕਾਨੂੰਨ ਦੇ ਸਿਧਾਂਤਾਂ ਦੇ ਵਿਰੁੱਧ ਸੀ। ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਸੀ, ਇਸ ਲਈ ਘਰੇ ਛੁੱਟੀ ਦੌਰਾਨ ਮੌਤ ਦਾ ਸ਼ਿਕਾਰ ਹੋਏ ਫੌਜੀ ਦਾ ਪਰਿਵਾਰ ਵੀ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਹੈ।










